ਲੁਧਿਆਣਾ/ਪਟਿਆਲਾ : ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕੇਸ ‘ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਕੋਰਟ ‘ਚ ਹੋਣ ਵਾਲੀ ਪੇਸ਼ੀ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਆਖਰੀ ਸਮਿਆਂ ਤਕ ਚੱਲੀਆਂ ਕਿਆਸਰਾਈਆਂ ਵਿਚਾਲੇ ਨਵਜੋਤ ਸਿੱਧੂ ਦੀ ਇਹ ਪੇਸ਼ੀ ਟੱਲ ਗਈ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਹਸਪਤਾਲ ‘ਚ ਕਰਵਾਏ ਗਏ ਮੈਡੀਕਲ ‘ਚ ਡਾਕਟਰਾਂ ਨੇ ਸਿੱਧੂ ਨੂੰ ‘ਅਨਫਿਟ’ ਕਰਾਰ ਦਿੱਤਾ ਸੀ। ਬੀਤੇ ਦਿਨੀਂ ਵੀ ਤਬੀਅਤ ਵਿਗੜਣ ਕਾਰਨ ਸਿੱਧੂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।
ਉੱਧਰ, ਸ਼ੁੱਕਰਵਾਰ ਨੂੰ ਸਿੱਧੂ ਦੀ ਪੇਸ਼ੀ ਲਈ ਅਦਾਲਤ ‘ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਦਰਅਸਲ, ਵੀਰਵਾਰ ਨੂੰ ਸਿੱਧੂ ਵੱਲੋਂ ਜੇਲ੍ਹ ਸੁਪਰੀਡੰਟ ਨੂੰ ਪੱਤਰ ਲਿਖ ਕੇ ਅਦਾਲਤ ‘ਚ ਹੋਣ ਵਾਲੀ ਇਸ ਪੇਸ਼ੀ ਲਈ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਪਟਿਆਲਾ ਜੇਲ੍ਹ ‘ਚ ਬੰਦ ਸਿੱਧੂ ਦੀ ਜ਼ੈੱਡ ਪਲੱਸ ਸਿਕਿਓਰਿਟੀ ਵਾਪਸ ਲੈ ਲਈ ਗਈ ਹੈ। ਸਿੱਧੂ ਦਾ ਕਹਿਣਾ ਸੀ ਕਿ ਲੁਧਿਆਣਾ ਅਦਾਲਤ ‘ਚ ਪਹਿਲਾਂ ਬੰਬ ਧਮਾਕਾ ਹੋ ਚੁੱਕਿਆ ਹੈ, ਇਸ ਲਈ ਉੱਥੇ ਜਾਣ ਲਈ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਸ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਕੇ ਸਿੱਧੂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਪਟਿਆਲਾ ਜੇਲ੍ਹ ‘ਚ ਬੰਦ ਹਨ। ਸੀ. ਜੇ. ਐੱਮ. ਸੁਮਿਤ ਮੱਕੜ ਦੀ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਕੇ ਸਿੱਧੂ ਨੂੰ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਡੀ. ਐੱਸ. ਪੀ. ਸੇਖੋਂ ਦੇ ਕੇਸ ‘ਚ ਬਤੌਰ ਗਵਾਹ ਅਦਾਲਤ ‘ਚ ਤਲਬ ਕੀਤਾ ਹੈ। ਅਦਾਲਤ ਦੀ ਇਸ ਸਖ਼ਤੀ ਦੇ ਖ਼ਿਲਾਫ਼ ਪਟਿਸ਼ਨ ਦਾਇਰ ਕੀਤੀ ਗਈ ਸੀ। ਇਸ ਦੇ ਨਾਲ ਹੀ 29 ਸਤੰਬਰ ਨੂੰ ਸਿੱਧੂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਬਿਆਨ ਦਰਜ ਕਰਵਾਉਣ ਦੀ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਨੇ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।