ਗਾਜ਼ਾ ’ਚ ਅਨਾਜ ਲੈਣ ਲਈ ਇਕੱਠੀ ਹੋਈ ਭੀੜ ‘ਤੇ ਇਜ਼ਰਾਈਲੀ ਟੈਂਕਾਂ ਨੇ ਗੋਲੇ ਵ੍ਹਰਾਏ, 51 ਦੀ ਮੌਤ; 200 ਜ਼ਖਮੀ

ਰਾਇਟਰ : ਇਜ਼ਰਾਈਲ ਦੇ ਟੈਂਕਾਂ ਨੇ ਗਾਜ਼ਾ ਪੱਟੀ ਵਿਚ ਸੋਮਵਾਰ ਨੂੰ ਆਨਾਜ ਲੈਣ ਲਈ ਇਕੱਠੀ ਹੋਈ ਭੀੜ ‘ਤੇ ਗੋਲੇ ਵ੍ਹਰਾਏ, ਜਿਸ ਵਿਚ 51 ਲੋਕ ਮਾਰੇ ਗਏ। ਖੁਰਾਕ ਸਮੱਗਰੀ ਦੇ ਸੰਕਟ ਨਾਲ ਜੂਝ ਰਹੇ ਗਾਜ਼ਾ ਵਿਚ ਇਹ ਇਸ ਤਰ੍ਹਾਂ ਦੀਆਂ ਸਭ ਤੋਂ ਭਿਆਨਕ ਘਟਨਾਵਾਂ ਵਿਚੋਂ ਇਕ ਹੈ। ਹਾਲੀਆ ਦਿਨਾਂ ਵਿਚ ਗਾਜ਼ਾ ਵਿਚ ਖੁਰਾਕ ਸਮੱਗਰੀ ਪ੍ਰਾਪਤ ਕਰਨ ਲਈ ਇਕੱਠੇ ਹੋ ਰਹੇ ਫਲਸਤਿਨੀਆਂ ‘ਤੇ ਇਜ਼ਰਾਇਲੀ ਫੌ਼ਜਾਂ ਵੱਲੋਂ ਫਾਇਰਿੰਗ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ, ਜਿਸ ਵਿਚ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਇਜ਼ਰਾਇਲੀ ਫੌ਼ਜ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਹੈ ਅਤੇ ਵੇਰਵੇ ਦੀ ਸਮੀਖਿਆ ਕੀਤੀ ਜਾ ਰਹੀ ਹੈ। ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ, ਟੈਂਕਾਂ ਤੋਂ ਗੋਲੇ ਉਸ ਸਮੇਂ ਚਲਾਏ ਗਏ ਜਦੋਂ ਲੋਕ ਟਰੱਕਾਂ ਤੋਂ ਰਾਹਤ ਸਮੱਗਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। 51 ਲੋਕ ਮਾਰੇ ਗਏ ਅਤੇ ਲਗਪਗ 200 ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ 20 ਦੀ ਹਾਲਤ ਗੰਭੀਰ ਹੈ। ਇੰਟਰਨੈੱਟ ਮੀਡੀਆ ‘ਤੇ ਸਾਂਝੇ ਕੀਤੇ ਗਏ ਵੀਡੀਓ ਵਿਚ ਖਾਨ ਯੂਨਿਸ ਸ਼ਹਿਰ ਵਿਚ ਇਕ ਸੜਕ ‘ਤੇ ਕਈ ਲਾਸ਼ਾਂ ਪਈਆਂ ਦਿਖਾਈ ਦਿੱਤੀਆਂ। ਜਦੋਂ ਕਿ ਗਵਾਹਾਂ ਨੇ ਦੱਸਿਆ ਕਿ ਹਜ਼ਾਰਾਂ ਲੋਕਾਂ ਦੀ ਉਸ ਭੀੜ ‘ਤੇ ਇਜ਼ਰਾਇਲੀ ਟੈਂਕਾਂ ਨੇ ਘੱਟੋ-ਘੱਟ ਦੋ ਗੋਲੇ ਚਲਾਏ, ਜੋ ਸਹਾਇਤਾ ਟਰੱਕਾਂ ਤੋਂ ਖੁਰਾਕ ਸਮੱਗਰੀ ਪ੍ਰਾਪਤ ਕਰਨ ਦੀ ਉਮੀਦ ਵਿਚ ਖਾਨ ਯੂਨਿਸ ਦੀ ਮੁੱਖ ਸੜਕ ‘ਤੇ ਇਕੱਠੇ ਹੋਏ ਸਨ। ਇਕ ਗਵਾਹ, ਜਿਸਦਾ ਨਾਮ ਅਲਾ ਹੈ, ਨੇ ਕਿਹਾ, “ਇਨ੍ਹਾਂ ਲੋਕਾਂ ਨੂੰ ਕੋਈ ਦਯਾ ਨਾਲ ਨਹੀਂ ਦੇਖ ਰਿਹਾ। ਲੋਕ ਆਪਣੇ ਬੱਚਿਆਂ ਲਈ ਖੁਰਾਕ ਸਮੱਗਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਮਰ ਰਹੇ ਹਨ।” ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ਾ ਦੇ ਹੋਰ ਸਥਾਨਾਂ ‘ਤੇ ਇਜ਼ਰਾਇਲੀ ਗੋਲੀਬਾਰੀ ਅਤੇ ਹਵਾਈ ਹਮਲਿਆਂ ਵਿਚ ਵੀ 14 ਲੋਕ ਮਾਰੇ ਗਏ।

Leave a Reply

Your email address will not be published. Required fields are marked *