ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਅਰਧ ਸੈਨਿਕ ਰੇਂਜਰਾਂ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਨੇਤਾ ਮੁਸਰਰਤ ਚੀਮਾ ਨੇ ਟਵਿੱਟਰ ‘ਤੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ, “ਉਹ ਇਸ ਸਮੇਂ ਇਮਰਾਨ ਖਾਨ ਨੂੰ ਤਸੀਹੇ ਦੇ ਰਹੇ ਹਨ, ਉਹ ਖਾਨ ਸਾਹਿਬ ਨੂੰ ਕੁੱਟ ਰਹੇ ਹਨ। ਉਨ੍ਹਾਂ ਨੇ ਖਾਨ ਸਾਹਿਬ ਨਾਲ ਕੁਝ ਕੀਤਾ ਹੈ।” ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਘਟਨਾ ਦੀ ਪੁਸ਼ਟੀ ਪੀਟੀਆਈ ਦੇ ਵਕੀਲ ਫੈਜ਼ਲ ਚੌਧਰੀ ਨੇ ਵੀ ਕੀਤੀ ਹੈ। ਪੀ.ਟੀ.ਆਈ. ਵਕੀਲ ਫੈਜ਼ਲ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੇਅਰਮੈਨ ਖਾਨ ਨੂੰ ਰੇਂਜਰਾਂ ਨੇ ਉਸ ਸਮੇਂ ਹਿਰਾਸਤ ਵਿਚ ਲਿਆ ਜਦੋਂ ਉਹ ਭ੍ਰਿਸ਼ਟਾਚਾਰ ਵਿਰੋਧੀ ਦੋਸ਼ਾਂ ਵਿਚ ਅਦਾਲਤ ਵਿਚ ਪੇਸ਼ ਹੋਏ।
ਸਾਬਕਾ ਸੂਚਨਾ ਮੰਤਰੀ ਅਤੇ ਪੀ.ਟੀ.ਆਈ. ਦੇ ਉਪ ਪ੍ਰਧਾਨ ਫਵਾਦ ਚੌਧਰੀ ਨੇ ਕਿਹਾ ਕਿ ਅਦਾਲਤ ‘ਤੇ ਰੇਂਜਰਾਂ ਦਾ ਕਬਜ਼ਾ ਹੈ ਅਤੇ ਵਕੀਲਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਇੱਕ ਹੋਰ ਪੀ.ਟੀ.ਆਈ. ਆਗੂ ਅਜ਼ਹਰ ਮਸ਼ਵਾਨੀ ਨੇ ਦੋਸ਼ ਲਾਇਆ ਕਿ 70 ਸਾਲਾ ਖਾਨ ਨੂੰ ਰੇਂਜਰਾਂ ਨੇ ਅਦਾਲਤ ਦੇ ਅੰਦਰੋਂ ‘ਅਗਵਾ’ ਕਰ ਲਿਆ। ਉਨ੍ਹਾਂ ਕਿਹਾ ਕਿ ਪਾਰਟੀ ਨੇ ਤੁਰੰਤ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।