ਚੰਡੀਗੜ੍ਹ (ਅਧੀਰ ਰੋਹਾਲ) : ਭਿਆਨਕ ਗਰਮੀ ਤੋਂ ਬਾਅਦ ਹੁਣ ਬਾਰਸ਼ ਨੇ ਕੁੱਝ ਰਾਹਤ ਦਿੱਤੀ ਹੈ। ਪਿਛਲੇ 2 ਦਿਨਾਂ ਤੋਂ ਸਵੇਰੇ ਵੇਲੇ ਪੈ ਰਹੀ ਹਲਕੀ ਬਾਰਸ਼ ਨੇ ਪਿਛਲੇ 10 ਦਿਨਾਂ ਤੋਂ ਪੈ ਰਹੀ ਗਰਮੀ ਨੂੰ ਘਟਾ ਦਿੱਤਾ ਹੈ। ਮਾਨਸੂਨ ਦੇ ਦੁਬਾਰਾ ਸਰਗਰਮ ਹੋ ਕੇ ਅੱਗੇ ਵਧਣ ਨਾਲ ਚੰਡੀਗੜ੍ਹ ਸਮੇਤ ਪੂਰੇ ਉੱਤਰੀ ਭਾਰਤ ਦਾ ਮੌਸਮ ਬਦਲਿਆ ਹੈ। ਮੌਸਮ ‘ਚ ਆਈ ਇਸ ਤਬਦੀਲੀ ਦੇ ਵਿਚਕਾਰ ਮੰਗਲਵਾਰ ਸਵੇਰੇ ਵੀ ਸ਼ਹਿਰ ‘ਚ ਹਲਕੀ ਬਾਰਸ਼ ਹੋਈ। ਸੋਮਵਾਰ ਰਾਤ ਤੋਂ ਮੰਗਲਵਾਰ ਸ਼ਾਮ ਤੱਕ ਸ਼ਹਿਰ ਵਿਚ ਹੋਈ 3.6 ਮਿਲੀਮੀਟਰ ਬਾਰਸ਼ ਕਾਰਨ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਹੋਈ ਹੈ। ਚੰਡੀਗੜ੍ਹ ਹਵਾਈ ਅੱਡੇ ’ਤੇ ਤਾਪਮਾਨ ਡਿੱਗ ਕੇ 30 ਡਿਗਰੀ ਦਰਜ ਹੋਇਆ, ਜਦੋਂ ਕਿ ਸੈਕਟਰ-39 ਦੇ ਮੌਸਮ ਵਿਗਿਆਨ ਕੇਂਦਰ ’ਚ ਇਹ 31 ਡਿਗਰੀ ਦਰਜ ਕੀਤਾ ਗਿਆ। ਇੱਕ ਦਿਨ ’ਚ ਹੀ ਸ਼ਹਿਰ ਦਾ ਤਾਪਮਾਨ 6 ਡਿਗਰੀ ਡਿੱਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ ਵੀ ਸੋਮਵਾਰ ਦੇ ਮੁਕਾਬਲੇ 2 ਡਿਗਰੀ ਹੋਰ ਡਿੱਗ ਕੇ 25.1 ਡਿਗਰੀ ਹੋ ਗਿਆ। ਮੌਸਮ ’ਚ ਇਹ ਤਬਦੀਲੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੇ ਨਾਲ ਬੰਗਾਲ ਦੀ ਖਾੜੀ ਤੋਂ ਉੱਤਰੀ ਭਾਰਤ ਪਹੁੰਚ ਰਹੀ ਨਮੀ ਦੇ ਕਾਰਨ ਹੈ। ਮੌਸਮ ਵਿਭਾਗ ਮੁਤਾਬਕ 20 ਜੂਨ ਤੋਂ ਬਾਅਦ ਸ਼ਹਿਰ ਵਿਚ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਚੰਡੀਗੜ੍ਹੀਆਂ ਲਈ ਰਾਹਤ ਭਰੀ ਖ਼ਬਰ, ਮੌਸਮ ਵਿਭਾਗ ਨੇ ਦਿੱਤੀ ਖ਼ਾਸ ਜਾਣਕਾਰੀ
