ਬਠਿੰਡਾ/ਜਲੰਧਰ/ਮਲੋਟ -ਨਿਯਮਾਂ ਦੀਆਂ ਧੱਜੀਆਂ ਉਡਾ ਕੇ ਬਠਿੰਡਾ ‘ਚ ਆਪਣੀ ਕੋਠੀ ਬਣਾਉਣ ਲਈ ਪਲਾਟ ਖਰੀਦਣ ਦੇ ਮਾਮਲੇ ‘ਚ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਏ. ਡੀ. ਸੀ. ਵਿਕਰਮਜੀਤ ਸਿੰਘ ਸ਼ੇਰਗਿੱਲ ਸਮੇਤ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ 3 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਨੂੰ ਪੰਜਾਬ ਦੀ ਸਿਆਸਤ ’ਚ ਵੱਡਾ ਧਮਾਕਾ ਮੰਨਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਅਗਾਊਂ ਜ਼ਮਾਨਤ ਲਈ ਅਦਾਲਤ ’ਚ ਅਰਜ਼ੀ ਦਾਇਰ ਕੀਤੀ ਹੋਈ ਹੈ ਪਰ ਅਜੇ ਤਕ ਇਸ ’ਤੇ ਫ਼ੈਸਲਾ ਨਹੀਂ ਹੋਇਆ, ਜਿਸ ਕਾਰਨ ਮਨਪ੍ਰੀਤ ਸਿੰਘ ਬਾਦਲ ਗ੍ਰਿਫ਼ਤਾਰੀ ਦੇ ਡਰੋਂ ਅੰਡਰਗਰਾਊਂਡ ਹਨ। ਵਿਜੀਲੈਂਸ ਬਠਿੰਡਾ ਨੇ ਬੀ. ਡੀ. ਏ. ਦੀ ਮਿਲੀਭੁਗਤ ਨਾਲ ਬਠਿੰਡਾ ਮਾਡਲ ਟਾਊਨ ਫੇਜ਼-1 ‘ਚ ਇਕ ਵਪਾਰਕ ਪਲਾਟ ਨੂੰ ਰਿਹਾਇਸ਼ੀ ਪਲਾਟ ’ਚ ਤਬਦੀਲ ਕਰਨ ਦੇ ਦੋਸ਼ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਇਕ ਪੀ. ਸੀ. ਐੱਸ. ਅਧਿਕਾਰੀ ਸਮੇਤ 6 ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਦੋਸ਼ ਹਨ ਕਿ ਮਨਪ੍ਰੀਤ ਬਾਦਲ ਤੇ ਸਾਥੀਆਂ ਨੇ ਅਜਿਹਾ ਕਰ ਕੇ ਸਰਕਾਰੀ ਖਜ਼ਾਨੇ ਨੂੰ 65 ਲੱਖ ਦਾ ਨੁਕਸਾਨ ਪਹੁੰਚਾਇਆ ਹੈ। ਇਸ ’ਚ ਬੀ. ਡੀ. ਏ. ਦੇ ਤਤਕਾਲੀ ਪ੍ਰਸ਼ਾਸਕ ਅਤੇ ਪੀ. ਸੀ. ਐੱਸ. ਅਧਿਕਾਰੀ ਅਤੇ ਮੌਜੂਦਾ ਏ. ਡੀ. ਸੀ. ਵਿਕਾਸ ਸ੍ਰੀ ਮੁਕਤਸਰ ਸਾਹਿਬ ਵਿਕਰਮਜੀਤ ਸਿੰਘ ਸ਼ੇਰਗਿੱਲ, ਬੀ. ਡੀ. ਏ. ਦੇ ਤਤਕਾਲੀ ਸੁਪਰਡੈਂਟ ਅਤੇ ਮੌਜੂਦਾ ਗਲਾਡਾ ਅਸਟੇਟ ਅਫ਼ਸਰ ਪੰਕਜ ਕਾਲੀਆ, ਪਲਾਟ ਦੀ ਬੋਲੀ ਦੇਣ ਵਾਲੇ ਹੋਟਲ ਕਾਰੋਬਾਰੀ ਅਤੇ ਨਿਊ ਸ਼ਕਤੀ ਨਗਰ ਦੇ ਵਸਨੀਕ ਰਾਜੀਵ ਕੁਮਾਰ, ਵਪਾਰੀ ਅਤੇ ਟੈਗੋਰ ਨਗਰ ਦਾ ਵਸਨੀਕ ਵਿਕਾਸ ਅਰੋੜਾ, ਸ਼ਰਾਬ ਦੇ ਠੇਕੇਦਾਰ ਦਾ ਕਰਿੰਦਾ ਅਤੇ ਲਾਲ ਸਿੰਘ ਬਸਤੀ ਨਿਵਾਸੀ ਅਮਨਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਦੀ ਟੀਮ ਨੇ ਮਾਮਲੇ ’ਚ ਨਾਮਜ਼ਦ ਰਾਜੀਵ ਕੁਮਾਰ, ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਮਨਪ੍ਰੀਤ ਸਿੰਘ ਬਾਦਲ, ਵਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਪੰਕਜ ਕਾਲੀਆ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਮਨਪ੍ਰੀਤ ਸਿੰਘ ਬਾਦਲ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਟੀਮ ਨੇ ਸੋਮਵਾਰ ਨੂੰ ਉਨ੍ਹਾਂ ਦੇ ਪਿੰਡ ਬਾਦਲ ਸਥਿਤ ਰਿਹਾਇਸ਼ ’ਤੇ ਵੀ ਛਾਪਾ ਮਾਰਿਆ ਅਤੇ ਰਿਕਾਰਡ ਆਦਿ ਖੰਗਾਲਿਆ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮਾਮਲਾ ਦਰਜ ਕੀਤਾ ਹੈ। ਦੱਸ ਦੇਈਏ ਕਿ ਸੰਭਾਵੀ ਗ੍ਰਿਫ਼ਤਾਰੀ ਦੇ ਡਰੋਂ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਵਕੀਲ ਰਾਹੀਂ ਤਿੰਨ ਦਿਨ ਪਹਿਲਾਂ ਬਠਿੰਡਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ’ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੀ ਸੁਣਵਾਈ 26 ਸਤੰਬਰ ਨੂੰ ਹੋਣੀ ਹੈ। ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਨੂੰ 24 ਜੁਲਾਈ ਨੂੰ ਤਲਬ ਕੀਤਾ ਸੀ, ਓਦੋਂ ਬਾਦਲ ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਨ, ਜਿੱਥੇ ਕਈ ਘੰਟਿਆਂ ਤੱਕ ਮਨਪ੍ਰੀਤ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਆਪਣੀ ਪਹਿਲੀ ਪੇਸ਼ੀ ਤੋਂ ਹੀ ਪੰਜਾਬ ਤੋਂ ਬਾਹਰ ਹਨ। ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਵੇਲੇ ਬਠਿੰਡਾ ਦੇ ਮਾਡਲ ਟਾਊਨ ’ਚ ਰਾਜੀਵ ਕੁਮਾਰ ਅਤੇ ਵਿਕਾਸ ਅਰੋੜਾ ਤੋਂ ਦੋ ਰਿਹਾਇਸ਼ੀ ਪਲਾਟ ਖਰੀਦੇ ਸਨ। ਵਿਕਾਸ ਅਤੇ ਰਾਜੀਵ ਨੇ ਬਠਿੰਡਾ ਵਿਕਾਸ ਅਥਾਰਟੀ (ਬੀ. ਡੀ. ਏ.) ਤੋਂ ਪਲਾਟ ਖਰੀਦਣ ਲਈ 27 ਸਤੰਬਰ, 2021 ਨੂੰ ਆਨਲਾਈਨ ਬੋਲੀ ਲਗਾਈ ਸੀ।
ਅਮਨਦੀਪ ਨਾਂ ਦੇ ਤੀਜੇ ਵਿਅਕਤੀ ਨੇ ਵੀ ਬੋਲੀ ’ਚ ਹਿੱਸਾ ਲਿਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਬੋਲੀਕਾਰਾਂ ਨੇ ਇਕੋ ਹੀ ਕੰਪਿਊਟਰ ਤੋਂ ਬੋਲੀ ਲਗਾਈ ਸੀ। ਬੋਲੀ ‘ਚ ਰਾਜੀਵ ਅਤੇ ਵਿਕਾਸ ਦੀ ਭਾਗੀਦਾਰੀ ਲਈ ਪੇਸ਼ਗੀ ਰਕਮ ਲਈ ਚਲਾਨ ਦਾ ਸੀਰੀਅਲ ਨੰਬਰ ਵੀ ਉਹੀ ਸੀ। ਦੋਵਾਂ ਸਟੈਂਪ ਪੇਪਰਾਂ ਦਾ ਸੀਰੀਅਲ ਨੰਬਰ ਇੱਕੋ ਸੀ ਅਤੇ ਦੋਵਾਂ ਦੇ ਗਵਾਹ ਵੀ ਇਕ ਹੀ ਸਨ। ਜਾਂਚ ਅਨੁਸਾਰ ਬੋਲੀ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੇ 30 ਸਤੰਬਰ, 2021 ਨੂੰ ਰਾਜੀਵ ਅਤੇ ਵਿਕਾਸ ਨਾਲ ਦੋਵੇਂ ਪਲਾਟ ਖਰੀਦਣ ਦਾ ਸਮਝੌਤਾ ਕੀਤਾ ਅਤੇ 4 ਅਕਤੂਬਰ ਨੂੰ ਦੋਵਾਂ ਦੇ ਖ਼ਾਤਿਆਂ ’ਚ ਕਰੀਬ ਇਕ ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਗਏ। ਬੋਲੀ ਦੌਰਾਨ ਜੋ ਆਨਲਾਈਨ ਨਕਸ਼ਾ ਅਪਲੋਡ ਕੀਤਾ ਗਿਆ ਸੀ, ਉਸ ’ਚ ਪਲਾਟਾਂ ਦੇ ਨੰਬਰ ਹੀ ਨਹੀਂ ਸਨ। ਇਸ ਮਾਮਲੇ ’ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਵਿਜੀਲੈਂਸ ਨੂੰ ਸਬੂਤਾਂ ਸਮੇਤ ਸ਼ਿਕਾਇਤ ਦਿੱਤੀ ਗਈ ਸੀ, ਜਿਸਦੀ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਮਨਪ੍ਰੀਤ ਬਾਦਲ ਨੂੰ ਲੈ ਕੇ ਵਿਜੀਲੈਂਸ ਨੇ ਹਵਾਈ ਅੱਡਿਆਂ ਨੂੰ ਕੀਤਾ ਅਲਰਟ
ਵਿਜੀਲੈਂਸ ਬਿਊਰੋ ਨੇ ਦੇਸ਼ ਦੇ ਹਵਾਈ ਅੱਡਿਆਂ ਨੂੰ ਮਨਪ੍ਰੀਤ ਬਾਦਲ ਨੂੰ ਲੈ ਕੇ ਅਲਰਟ ਕਰ ਦਿੱਤਾ ਹੈ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਦੀ ਕਿਉਂਕਿ ਗ੍ਰਿਫ਼ਤਾਰੀ ਨਹੀਂ ਹੋਈ ਹੈ, ਇਸ ਲਈ ਹਵਾਈ ਅੱਡਿਆਂ ਨੂੰ ਅਲਰਟ ਕੀਤਾ ਜਾਣਾ ਜ਼ਰੂਰੀ ਸੀ ਤਾਂ ਕਿ ਉਹ ਦੇਸ਼ ਤੋਂ ਬਾਹਰ ਨਾ ਜਾ ਸਕਣ। ਮਨਪ੍ਰੀਤ ਬਾਦਲ ਪਿਛਲੇ 2 ਮਹੀਨਿਆਂ ਤੋਂ ਸਿਆਸੀ ਤੌਰ ’ਤੇ ਘੱਟ ਹੀ ਸਰਗਰਮ ਦਿਖਾਈ ਦੇ ਰਹੇ ਸਨ। ਵਿਜੀਲੈਂਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਿਛਲੇ 2 ਮਹੀਨਿਆਂ ਤੋਂ ਮਨਪ੍ਰੀਤ ਦਾ ਅਤਾ-ਪਤਾ ਨਹੀਂ ਲੱਗ ਰਿਹਾ ਸੀ। ਵਿਜੀਲੈਂਸ ਬਿਊਰੋ ਵਲੋਂ ਉਨ੍ਹਾਂ ਦੇ ਨਜ਼ਦੀਕੀਆਂ ਦੇ ਟਿਕਾਣਿਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।