ਕੈਨੇਡਾ ਦੇ ਜੰਗਲਾਂ ਦੀ ਅੱਗ ਹੋਈ ਬੇਕਾਬੂ, ਹਜ਼ਾਰਾਂ ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ ਬਾਹਰ; ਵਧਿਆ ਪ੍ਰਦੂਸ਼ਣ

ਕੈਨੇਡਾ ’ਚ ਤਿੰਨ ਸੂਬਿਆਂ ’ਚ ਜੰਗਲ ਦੀ ਅੱਗ ਬੇਕਾਬੂ ਹੋ ਗਈ ਹੈ। 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਐਤਵਾਰ ਨੂੰ ਕਈ ਜਗ੍ਹਾ ’ਤੇ ਅੱਗ ਧੁਖਦੀ ਰਹੀ। ਧੂੰਏਂ ਨਾਲ ਕੈਨੇਡਾ ਅਤੇ ਅਮਰੀਕਾ ਦੇ ਕੁਝ ਸੂਬਿਆਂ ’ਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੋ ਗਈ ਹੈ।

ਅਧਿਕਾਰੀਆਂ ਅਨੁਸਾਰ ਸੁਰੱਖਿਅਤ ਕੱਢੇ ਗਏ ਲੋਕਾਂ ’ਚੋਂ ਜ਼ਿਆਦਾਤਰ ਮੈਨੀਟੋਬਾ ਤੋਂ ਹਨ। ਅੱਗ ਦੇ ਕਾਰਨ ਮੈਨੀਟੋਬਾ ’ਚ ਪਿਛਲੇ ਹਫਤੇ ਐਮਰਜੈਂਸੀ ਲਗਾ ਦਿੱਤੀ ਗਈ ਸੀ। ਸ਼ਨੀਵਾਰ ਤੱਕ ਮੈਨੀਟੋਬਾ ਤੋਂ ਲਗਪਗ 17 ਹਜ਼ਾਰ ਲੋਕਾਂ ਨੂੰ ਕੱਢਿਆ ਗਿਆ ਹੈ। ਅਲਬਰਟਾ ’ਚ 1,300 ਅਤੇ ਸਸਕੇਚੇਵਾਨ ’ਚ ਲਗਪਗ ਅੱਠ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ। ਸਸਕੇਚੇਵਾਨ ਦੇ ਪ੍ਰੀਮੀਅਰ ਸਕਾਟ ਮੋ ਨੇ ਕਿਹਾ,‘ਗਰਮ, ਖੁਸ਼ਕ ਮੌਸਮ ਦੇ ਕਾਰਨ ਅੱਗ ਭੜਕ ਰਹੀ ਹੈ। ਸਾਡੇ ਕੋਲ ਸ੍ਰੋਤ ਸੀਮਿਤ ਹਨ। ਅਗਲੇ ਚਾਰ ਤੋਂ ਸੱਤ ਦਿਨ ਬੇਹੱਦ ਮਹੱਤਵਪੂਰਨ ਹਨ।’

ਲਗਪਗ ਇਕ ਹਫਤੇ ਪਹਿਲਾਂ ਕ੍ਰੇਅਟਨ, ਸਸਕੇਚੇਵਾਨ ਦੇ ਨੇੜੇ ਲੱਗੀ ਅੱਗ ਹੁਣ ਮੈਨੀਟੋਬਾ ਦੀ ਹੱਦ ਨੂੰ ਪਾਰ ਕਰ ਗਈ ਹੈ। ਅੱਗ ਤੋਂ ਬਚਣ ਲਈ ਮੈਨੀਟੋਬਾ ’ਚ ਜਗ੍ਹਾ-ਜਗ੍ਹਾ ਨਿਕਾਸੀ ਕੇਂਦਰ ਖੋਲ੍ਹੇ ਗਏ ਹਨ। ਅੱਗ ’ਤੇ ਕਾਬੂ ਪਾਉਣ ਲਈ ਮਿਹਨਤ ਕਰਨੀ ਪੈ ਰਹੀ ਹੈ ਪਰ ਸਫਲਤਾ ਨਹੀਂ ਮਿਲ ਸਕੀ ਹੈ। ਵਿਨੀਪੈਗ ਨੇ ਜਨਤਕ ਇਮਾਰਤਾਂ ਨੂੰ ਪ੍ਰਭਾਵਿਤਾਂ ਲਈ ਖੋਲ੍ਹ ਦਿੱਤਾ ਹੈ।

Leave a Reply

Your email address will not be published. Required fields are marked *