ਮੈਕਸੀਕੋ ਸਿਟੀ : ਮੈਕਸੀਕੋ ਵਿੱਚ ਇੱਕ ਭਿਆਨਕ ਸੜਕ ਹਾਦਸਾ ਦੇਖਣ ਨੂੰ ਮਿਲਿਆ ਹੈ। ਉੱਤਰੀ ਰਾਜ ਤਾਮਾਉਲਿਪਾਸ ਵਿੱਚ ਇੱਕ ਹਾਈਵੇਅ ਉੱਤੇ ਇੱਕ ਟਰੈਕਟਰ ਟਰੇਲਰ ਅਤੇ ਇੱਕ ਵੈਨ ਦੀ ਟੱਕਰ ਹੋ ਗਈ, ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 26 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਟੱਕਰ ਹੁੰਦੇ ਹੀ ਅੱਗ ਲੱਗੀ
ਸਥਾਨਕ ਅਧਿਕਾਰੀਆਂ ਅਨੁਸਾਰ, ਰਾਜ ਦੀ ਰਾਜਧਾਨੀ ਸਿਉਡਾਡ ਵਿਕਟੋਰੀਆ ਦੇ ਬਾਹਰਵਾਰ ਇੱਕ ਹਾਈਵੇਅ ‘ਤੇ ਦੋ ਵਾਹਨਾਂ ਦੀ ਟੱਕਰ ਹੋ ਗਈ ਅਤੇ ਟੱਕਰ ਤੋਂ ਬਾਅਦ ਅੱਗ ਲੱਗ ਗਈ। ਜਦੋਂ ਅਧਿਕਾਰੀ ਹਾਦਸੇ ਵਾਲੀ ਥਾਂ ‘ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਟਰੱਕ ਮੌਕੇ ‘ਤੇ ਨਹੀਂ ਸੀ।
ਟਰੱਕ ਡਰਾਈਵਰ ਦੇ ਭੱਜਣ ਦਾ ਸ਼ੱਕ
ਤਾਮੌਲੀਪਾਸ ਦਫਤਰ ਦੇ ਇੱਕ ਸੂਤਰ ਨੇ ਕਿਹਾ ਕਿ ਜਾਂਚਕਰਤਾ ਇਸ ਗੱਲ ਨੂੰ ਲੈ ਕੇ ਅਨਿਸ਼ਚਿਤ ਸਨ ਕਿ ਟਰੱਕ ਦਾ ਡਰਾਈਵਰ ਭੱਜ ਗਿਆ ਜਾਂ ਹਾਦਸੇ ਵਿੱਚ ਮਾਰਿਆ ਗਿਆ। ਸੂਤਰ ਨੇ ਦੱਸਿਆ ਕਿ ਵੈਨ ‘ਚ ਸਵਾਰ ਯਾਤਰੀਆਂ ‘ਚ ਬੱਚੇ ਵੀ ਸ਼ਾਮਲ ਸਨ। ਸੂਤਰ ਮੁਤਾਬਕ ਸਾਰੇ ਪੀੜਤ ਮੈਕਸੀਕਨ ਸਨ ਅਤੇ ਉਨ੍ਹਾਂ ਕੋਲੋਂ ਰਾਸ਼ਟਰੀ ਪਛਾਣ ਪੱਤਰ ਬਰਾਮਦ ਹੋਏ ਹਨ।