ਚੰਡੀਗੜ੍ਹ/ਜਲੰਧਰ : ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਹਵਾਈ ਹਮਲਿਆਂ ਤੇ ਡਰੋਨ ਹਮਲਿਆਂ ਨੂੰ ਪੂਰੀ ਤਰ੍ਹਾਂ ਨਾਕਾਮ ਕਰਨ ਦੇ ਬਾਅਦ ਇਕ ਵਾਰ ਫਿਰ ਯੁੱਧ ਵਰਗੇ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰੀਆਂ ਦੀ ਜਾਂਚ ਕੀਤੀ ਜਾਵੇਗੀ। ਸ਼ਨਿਚਰਵਾਰ ਨੂੰ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ‘ਚ “ਆਪਰੇਸ਼ਨ ਸ਼ੀਲਡ” ਤਹਿਤ ਮੌਕ ਡ੍ਰਿਲ ਕੀਤੀ ਜਾਵੇਗੀ।
ਚੰਡੀਗੜ੍ਹ ‘ਚ ਰਾਤ 8 ਤੋਂ ਸਵਾ 8 ਵਜੇ ਤਕ ਬਲੈਕਆਉਟ ਹੋਵੇਗਾ। ਇਸ ਦੇ ਨਾਲ ਹੀ, ਹਰਿਆਣਾ ‘ਚ ਸ਼ਾਮ 5 ਤੋਂ ਰਾਤ 9 ਵਜੇ ਤਕ ਨਾਗਰਿਕ ਸੁਰੱਖਿਆ ਅਭਿਆਸ ਕੀਤਾ ਜਾਵੇਗਾ। ਸਾਰੇ ਮਹੱਤਵਪੂਰਨ ਸਥਾਨਾਂ ਦੇ ਨੇੜੇ ਰਾਤ 8 ਤੋਂ ਸਵਾ 8 ਵਜੇ ਤਕ 15 ਮਿੰਟਾਂ ਲਈ ਬਲੈਕਆਉਟ ਕੀਤਾ ਜਾਵੇਗਾ।
ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ‘ਚ ਰਾਤ 8 ਤੋਂ ਸਾਢੇ 8, ਹੁਸ਼ਿਆਰਪੁਰ ‘ਚ 8 ਤੋਂ ਸਵਾ 8, ਤਰਨਤਾਰਨ ‘ਚ ਸਾਢੇ 8 ਤੋਂ 9 ਵਜੇ, ਫਿਰੋਜ਼ਪੁਰ ‘ਚ 9 ਤੋਂ ਸਾਢੇ 9 ਅਤੇ ਜਲੰਧਰ-ਕਪੂਰਥਲਾ ‘ਚ ਸਾਢੇ 9 ਤੋਂ 10 ਵਜੇ ਤਕ ਬਲੈਕਆਉਟ ਹੋਵੇਗਾ।
32 ਹਜ਼ਾਰ ਨਾਗਰਿਕ ਸੁਰੱਖਿਆ ਸਵੈਂ-ਸੇਵਕ ਹੋਣਗੇ ਸ਼ਾਮਲ
ਹਰਿਆਣਾ ਦੀ ਗ੍ਰਹਿ ਸਕੱਤਰ ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਸੂਬੇ ਦੀ ਐਮਰਜੈਂਸੀ ਤਿਆਰੀਆਂ ਤੇ ਪ੍ਰਤੀਕਿਰਿਆ ਸਮਰੱਥਾਵਾਂ ਨੂੰ ਵਧਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਧੀਨ ਇਹ ਨਾਗਰਿਕ ਸੁਰੱਖਿਆ ਅਭਿਆਸ ਕੀਤਾ ਜਾ ਰਿਹਾ ਹੈ। ਮੌਕ ਡ੍ਰਿਲ ‘ਚ 32 ਹਜ਼ਾਰ ਨਾਗਰਿਕ ਸੁਰੱਖਿਆ ਸਵੈਂ-ਸਵੇਕ ਸ਼ਾਮਲ ਹੋਣਗੇ।
ਅਭਿਆਸ ‘ਚ ਸਿਵਲ ਡਿਫੈਂਸ ਵਾਰਡਨ, ਰਜਿਸਟਰਡ ਸਵੈਂਸੇਵਕ ਅਤੇ ਰਾਸ਼ਟਰੀ ਕੈਡੇਟ ਕੋਰ (NCC), ਰਾਸ਼ਟਰੀ ਸੇਵਾ ਯੋਜਨਾ (NSS), ਨਹਿਰੂ ਯੁਵਾ ਕੇਂਦਰ ਸੰਗਠਨ (NYKS) ਤੇ ਭਾਰਤ ਸਕਾਊਟਸ ਅਤੇ ਗਾਈਡਸ ਸਮੇਤ ਨੌਜਵਾਨ ਜਥੇਬੰਦੀਆਂ ਨੂੰ ਵੱਡੇ ਪੱਧਰ ‘ਤੇ ਸ਼ਾਮਿਲ ਕੀਤਾ ਜਾਵੇਗਾ।