ਫ਼ਾਜ਼ਿਲਕਾ : ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਵੱਡੀ ਕਾਵਰਾਈ ਕਰਦਿਆਂ ਫ਼ਾਜ਼ਿਲਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਇਹ ਆਦੇਸ਼ ਚੈੱਕ ਬਾਉਂਸ ਦੇ ਮਾਮਲੇ ਵਿਚ ਹੋਈ ਹੈ ਤੇ ਇਸ ਸਬੰਧ ‘ਚ ਜਲਾਲਾਬਾਦ ਦੇ ਜੂਡੀਸ਼ੀਅਲ ਮੈਜਿਸਟ੍ਰੇਟ (ਦਰਜਾ ਅੱਵਲ) ਜਸ਼ਨਪ੍ਰੀਤ ਕੌਰ ਦੀ ਅਦਾਲਤ ਨੇ ਇਹ ਵੱਡੀ ਕਾਰਵਾਈ ਕੀਤੀ ਹੈ।
ਸੂਚਨਾ ਮੁਤਾਬਕ ਫ਼ਾਜ਼ਿਲਕਾ ਇੰਪਰੂਵਮੈਂਟ ਟਰੱਸਟ ਮਹਿੰਦਰ ਸਿੰਘ ਕਚੂਰਾ ਵੱਲੋਂ ਕੁੱਝ ਸਮਾਂ ਪਹਿਲਾਂ ਜਲਾਲਾਬਾਦ ਦੇ ਮੈਸਰਜ਼ ਬਜਾਜ ਲਾਈਟ ਹਾਊਸ ਤੋਂ ਬਿਜਲੀ ਦਾ ਸਾਮਾਨ ਖਰੀਦਿਆ ਸੀ। ਇਸ ਸਾਮਾਨ ਦੇ ਬਦਲੇ ਚੈੱਕ ਦਿੱਤਾ ਗਿਆ ਸੀ ਪ੍ਰੰਤੂ ਜਦ ਦੁਕਾਨਦਾਰ ਨੇ ਚੈੱਕ ਬੈਂਕ ‘ਚ ਲਗਾਇਆ ਤਾਂ ਉਹ ਖਾਤੇ ਵਿਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਿਆ। ਇਸ ਤੋਂ ਬਾਅਦ ਦੁਕਾਨਦਾਰ ਵੱਲੋਂ ਪੈਸੇ ਲੈਣ ਲਈ ਕਈ ਵਾਰ ਸੰਪਰਕ ਕੀਤਾ ਪ੍ਰੰਤੂ ਹਰ ਵਾਰ ਦੀ ਟਾਲ-ਮਟੋਲ ਦੀ ਨੀਤੀ ਤੋਂ ਤੰਗ ਆ ਕੇ ਅਦਾਲਤ ‘ਚ ਚੈੱਕ ਬਾਉਂਸ ਦਾ ਕੇਸ ਦਾਇਰ ਕਰ ਦਿੱਤਾ। ਇਸ ਮਾਮਲੇ ‘ਚ ਸੁਣਵਾਈ ਅਦਾਲਤ ਵੱਲੋਂ ਚੇਅਰਮੈਨ ਕਈ ਵਾਰ ਜ਼ਮਾਨਤੀ ਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ। ਉਨ੍ਹਾਂ ਵੱਲੋਂ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਹੁਣ ਅਦਾਲਤ ਨੇ ਉਸਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਇਸ ਘਟਨਾ ਦੀ ਇਲਾਕੇ ਭਰ ‘ਚ ਚਰਚਾ ਹੈ। ਇਸ ਸਬੰਧਤ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
