ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਦਲ ਵਾਲੇ ਧਰਮ ਨਾਲ ਖੇਡ ਰਹੇ ਹਨ ਅਤੇ ਵਰਤ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਜਥੇਦਾਰਾਂ ਨੂੰ ਵੀ ਆਪਣਾ ਮੁਲਾਜ਼ਮ ਸਮਝਦੇ ਹਨ। ਜਥੇਦਾਰਾਂ ਨੂੰ ਬਦਲ ਕੇ ਹੁਣ ਵਿਰਸਾ ਸਿੰਘ ਵਲਟੋਹਾ ਨੂੰ ਮਾਫੀ ਦੇਣਗੇ ਅਤੇ ਫਿਰ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਗਿਆ ਫਖਰ-ਏ-ਕੌਮ ਦਾ ਖਿਤਾਬ ਵੀ ਬਹਾਲ ਕਰਵਾ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ ਹੁੰਦੀ ਤਾਂ ਪੰਥ ਨੂੰ ਖਤਰਾ ਹੋਣ ਦਾ ਰੌਲਾ ਪਾ ਲੈਂਦੇ ਹਨ ਅਤੇ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਮਾੜੇ ਲੋਕਾਂ ਨੂੰ ਵੱਡੇ ਅਹੁਦਿਆਂ ਤੇ ਬਿਠਾ ਦਿੰਦੇ ਹਨ। ਮੁੱਖ ਮੰਤਰੀ ਅੱਜ ਪਟਿਆਲਾ ਵਿਖੇ ਸਰਕਾਰ ਤੁਹਾਡੇ ਦੁਆਰਾ ਪ੍ਰੋਗਰਾਮ ਤਹਿਤ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਸੰਬੋਧਨ ਕਰਨ ਲਈ ਪੁੱਜੇ ਹੋਏ ਸਨ।
ਇਸ ਮੌਕੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ ਅਮਨ ਕਾਨੂੰਨ ਦੀ ਸਥਿਤੀ ਬਾਰੇ ਬੋਲਣਾ ਬੜਾ ਹੀ ਹਾਸੋਹੀਣਾ ਹੈ ਕਿਉਂਕਿ ਇਹਨਾਂ ਦੀ ਆਪਣੀ ਸਰਕਾਰ ਦੇ ਸਮੇਂ ਦੌਰਾਨ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਦਾ ਕਤਲ ਕਰ ਦਿੱਤਾ ਗਿਆ, ਜੇਲ ਬਰੇਕ ਕਾਂਡ ਵੀ ਇਹਨਾਂ ਦੀ ਸਰਕਾਰ ਸਮੇਂ ਹੀ ਹੋਇਆ। ਏਨਾ ਹੀ ਨਹੀਂ ਪੰਜਾਬ ਵਿੱਚ ਨਸ਼ਿਆਂ ਤੇ ਗੈਂਗਸਟਰ ਵੀ ਇਹਨਾਂ ਦੀ ਸਰਕਾਰ ਵਿੱਚ ਵਧੇ ਤੇ ਫੁੱਲੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਵੱਲੋਂ ਇਨਕਲਾਬ ਲਿਆਉਣਾ ਦੀ ਗੱਲ ਵੀ ਹਾਸੋਹੀਣੀ ਹੀ ਹੈ, ਕਿਉਂਕਿ ਉਸ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ 2014 ਵਿੱਚ ਵੀ ਉਹਨਾਂ ਨੇ ਮਜੀਠੀਆ ਖਿਲਾਫ ਅਵਾਜ ਚੁੱਕੀ ਸੀ, ਕਾਰਵਾਈ ਹੁਣ ਵੀ ਜਾਰੀ ਹੈ ਅਤੇ ਨਸ਼ਿਆਂ ਦੇ ਵਪਾਰੀ ਬਹੁਤ ਹੀ ਦੇਰ ਬਚ ਨਹੀਂ ਸਕਦੇ। ਉਹਨਾਂ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਿਨਾਂ ਕਿਹਾ ਕਿ ਇਹਨਾਂ ਦਾ ਚਾਚਾ ਵੀ ਬਚਾਉਣ ਲਈ ਕੇਸ ਖਰਾਬ ਕਰਦਾ ਰਿਹਾ ਹੈ ਪਰ ਹੁਣ ਅਸੀਂ ਇਹਨਾਂ ਕੇਸਾਂ ਨੂੰ ਸਹੀ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਇਸੇ ਕਰਕੇ ਹੀ ਪੰਚਾਇਤੀ ਚੋਣਾਂ ਵੀ ਬਿਨਾਂ ਚੋਣ ਨਿਸ਼ਾਨ ਤੋਂ ਕਰਵਾਈਆਂ ਗਈਆਂ ਸਨ। ਆਮ ਆਦਮੀ ਪਾਰਟੀ ਦੀ ਸੋਚ ਹੈ ਕਿ ਪੰਚਾਇਤ ਕਿਸੇ ਪਾਰਟੀ ਦੀ ਨਹੀਂ ਸਗੋਂ ਪਿੰਡ ਦੀ ਹੋਣੀ ਚਾਹੀਦੀ ਹੈ। ਇਸ ਲਈ ਪੰਚਾਇਤਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਇੱਕ ਮੁੱਠ ਹੋਣ।
