ਜਲੰਧਰ : ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਏਟੀਪੀ ਸੁਖਦੇਵ ਵਸ਼ਿਸ਼ਟ ਨੂੰ ਪੁਲਿਸ ਨੇ ਐਤਵਾਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਕਈ ਪਰਤਾਂ ਖੁੱਲ੍ਹੀਆਂ ਜਿਸ ਤੋਂ ਬਾਅਦ ਵਿਜੀਲੈਂਸ ਨੇ ਵਿਧਾਇਕ ਰਮਨ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਵਿਜੀਲੈਂਸ ਨੂੰ ਪਤਾ ਲੱਗਾ ਕਿ ਕਾਰਵਾਈ ਕਰਨ ਤੇ ਕਾਰਵਾਈ ਤੋਂ ਰੋਕਣ ਲਈ ਵਿਧਾਇਕ ਨੇ ਕੋਡ ਵਰਡ ਰੱਖੇ ਸਨ।
ਫਰਜ਼ੀ ਨੋਟਿਸ ਭੇਜਣ ਤੋਂ ਬਾਅਦ ਪਾਰਟੀ ਏਟੀਪੀ ਕੋਲ ਆਉਂਦੀ ਸੀ ਤੇ ਇਹ ਕਹਿੰਦੀ ਸੀ ਕਿ ਸਰਕਾਰੀ ਮਾਮਲਾ ਹੈ, ਸੈਂਟਰਲ ਹਲਕੇ ਦੇ ਵਿਧਾਇਕ ਰਮਨ ਹੀ ਇਸਨੂੰ ਹੱਲ ਕਰ ਸਕਦੇ ਹਨ। ਇਸ ਤੋਂ ਬਾਅਦ ਵਿਧਾਇਕ ਪਾਰਟੀ ਨਾਲ ਸੈਟਿੰਗ ਕਰਦਾ ਸੀ। ਸੈਟਿੰਗ ਤੋਂ ਬਾਅਦ ਉਹ ਪਾਰਟੀ ਨੂੰ ਘਰ ਜਾਂ ਦਫ਼ਤਰ ਬੁਲਾ ਕੇ ਏਟੀਪੀ ਨੂੰ ਕਾਲ ਕਰ ਕੇ ਖ਼ੁਦ ਕੋਲ ਮਿਲਣ ਲਈ ਬੁਲਾਉਂਦਾ ਸੀ।
‘ਆਪਣਾ ਆਦਮੀ ਐ, ਧਿਆਨ ਰੱਖਣਾ’ ਇਹ ਕਹਿ ਕੇ ਵਿਧਾਇਕ ਏਟੀਪੀ ਨੂੰ ਕਾਰਵਾਈ ਨਾ ਕਰਨ ਦੀ ਹਰੀ ਝੰਡੀ ਦਿੰਦਾ ਸੀ, ਜਿਸ ਤੋਂ ਬਾਅਦ ਏਟੀਪੀ ਪਾਰਟੀ ਨੂੰ ਦਿੱਤੇ ਨੋਟਿਸ ਨੂੰ ਖੁਰਦ-ਬੁਰਦ ਕਰ ਦਿੰਦਾ ਸੀ। ਜੇਕਰ ਦਫਤਰ ‘ਚ ਆਈ ਪਾਰਟੀ, ਜਿਨ੍ਹਾਂ ਦੀ ਵਿਧਾਇਕ ਮਦਦ ਨਹੀਂ ਕਰਨਾ ਚਾਹੁੰਦਾ ਸੀ, ਉਸ ਲਈ ਉਹ ਪਾਰਟੀ ਸਾਹਮਣੇ ਏਟੀਪੀ ਨੂੰ ਕਾਲ ਕਰ ਕੇ ਦੂਜੇ ਕੋਡ ਦਾ ਇਸਤੇਮਾਲ ਕਰਦਾ ਸੀ ਕਿ ‘ਦੇਖ ਲੈਣਾ ਕੀ ਪਰੇਸ਼ਾਨੀ ਹੈ, ਇਨ੍ਹਾਂ ਨੂੰ ਭੇਜ ਰਿਹਾਂ’।
ਵਿਜੀਲੈਂਸ ਦੀ ਟੀਮ ਨੇ ਵਿਧਾਇਕ ਨੂੰ ਪੰਜ ਦਿਨਾਂ ਦੇ ਰਿਮਾਂਡ ‘ਤੇ ਲਿਆ ਹੈ। ਰਿਮਾਂਡ ਦੌਰਾਨ ਵਿਜਿਲੈਂਸ ਟੀਮ ਨੇ ਏਟੀਪੀ ਤੇ ਵਿਧਾਇਕ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ, ਪਰ ਦੋਹਾਂ ਵਿਚਾਲੇ ਤੂ-ਤੂ, ਮੈਂ-ਮੈਂ ਹੋ ਗਈ, ਜਿਸ ਤੋਂ ਬਾਅਦ ਦੋਹਾਂ ਨੂੰ ਅਲੱਗ ਕਰ ਦਿੱਤਾ ਗਿਆ।
ਹਾਲਾਂਕਿ, ਵਿਜੀਲੈਂਸ ਨੇ ਵਿਧਾਇਕ ਰਮਨ ਅਰੋੜਾ ਦੇ ਰਿਸ਼ਤੇਦਾਰਾਂ ਦੀ ਸੂਚੀ ਤਿਆਰ ਕੀਤੀ ਹੈ ਤੇ ਉਨ੍ਹਾਂ ਦੇ ਨਾਂ ‘ਤੇ ਕਿੰਨੀਆਂ ਪਾਰਟੀਆਂ ਹਨ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ। ਪਹਿਲੇ ਦਿਨ ਰਿਮਾਂਡ ਦੌਰਾਨ ਵਿਧਾਇਕ ਦੀ ਸਿਹਤ ਖਰਾਬ ਹੋਣ ਕਾਰਨ ਜ਼ਿਆਦਾ ਪੁੱਛਗਿੱਛ ਨਹੀਂ ਹੋ ਸਕੀ ਤੇ ਇਲਾਜ ਦੇ ਬਾਅਦ ਦੁਬਾਰਾ ਵਿਜੀਲੈਂਸ ਵਿਧਾਇਕ ਦੇ ਇਸ ਪੂਰੇ ਨੈੱਟਵਰਕ ਦੀ ਜਾਂਚ ਕਰਨ ‘ਚ ਲੱਗੀ ਹੋਈ ਹੈ, ਜਿਸ ਵਿਚ ਵਿਭਾਗੀ ਅਧਿਕਾਰੀਆਂ ਦੇ ਨਾਲ-ਨਾਲ ਸਿਆਸੀ ਸ਼ਖ਼ਸੀਅਤਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਸਕੇ।