ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਦੇ ਅੱਤਵਾਦੀ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਆਤਮਸਮਰਪਣ ਕਰਨ ਤੋਂ ਛੋਟ ਦੇਣ ਦੀ ਮੰਗ ਨੂੰ ਠੁਕਰਾ ਦਿੱਤਾ। ਅਦਾਲਤ ਨੇ ਭੁੱਲਰ ਨੂੰ ਨਿਰਦੇਸ਼ ਦਿੱਤਾ ਕਿ ਉਹ ਦਿੰਨ ਦੇ ਅੰਦਰ ਜੇਲ੍ਹ ਅਧਿਕਾਰੀਆਂ ਕੋਲ ਆਤਮਸਮਰਪਣ ਕਰੇ। ਭੁੱਲਰ ਨੇ ਬਿਮਾਰੀ ਦੇ ਆਧਾਰ ’ਤੇ ਆਤਮਸਮਰਪਨ ’ਚ ਛੋਟ ਦੀ ਮੰਗ ਕੀਤੀ ਸੀ, ਜਿਸਨੂੰ ਜਸਟਿਸ ਗਿਰੀਸ਼ ਕੱਠਪਾਲੀਆ ਦੇ ਬੈਂਚ ਨੇ ਇਹ ਕਹਿੰਦੇ ਹੋਏ ਨਾਮਨਜ਼ੂਰ ਕਰ ਦਿੱਤਾ ਕਿ ਜੇਲ੍ਹ ਦੇ ਅੰਦਰ ਵੀ ਇਲਾਜ ਦੀ ਸਹੂਲਤ ਉਪਲਬਧ ਹੈ।
ਭੁੱਲਰ ਦੇ ਵਕੀਲ ਨੇ ਅਦਾਲਤ ’ਚ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਸਿਜ਼ੋਫ੍ਰੇਨੀਆ ਨਾਲ ਪੀੜਤ ਹੈ, ਜਿਹੜੀ ਇਕ ਗੰਭੀਰ ਮਾਨਸਿਕ ਸਮੱਸਿਆ ਹੈ। ਦੱਸਿਆ ਕਿ ਭੁੱਲਰ ਬੈਰਕ ’ਚ ਨਹੀਂ ਜਾਂਦਾ ਤੇ ਹਮੇਸ਼ਾ ਹਸਪਤਾਲ ’ਚ ਰਹਿੰਦਾ ਹੈ। ਪੈਰੋਲ ’ਤੇ ਬਾਹਰ ਰਹਿਣ ਦੌਰਾਨ ਭੁੱਲਰ ਨੂੰ ਜੇਲ੍ਹ ਨਾਲ ਜੁੜੇ ਹਸਪਤਾਲ ’ਚ ਹਫ਼ਤਾਵਾਰੀ ਰੂਪ ਨਾਲ ਆਪਣੀ ਹਾਜ਼ਰੀ ਦਰਜ ਕਰਾਉਣੀ ਪੈਂਦੀ ਹੈ।
ਵਕੀਲ ਨੇ ਦਲੀਲ ਦਿੱਤੀ ਕਿ ਭੁੱਲਰ 30 ਸਾਲ ਤੋਂ ਜੇਲ੍ਹ ’ਚ ਹੈ ਤੇ ਉਸਨੂੰ ਰਾਹਤ ਮਿਲਣੀ ਚਾਹੀਦੀ ਹੈ। ਹਾਲਾਂਕਿ ਅਦਾਲਤ ਨੇ ਸਪਸ਼ਟ ਕੀਤਾ ਕਿ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਨਾਲ ਸਬੰਧਤ ਪਟੀਸ਼ਨ ਪੈਂਡਿੰਗ ਹੈ, ਪਰ ਆਤਮਸਮਰਪਨ ਤੋਂ ਛੋਟ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਭੁੱਲਰ ਨੂੰ 1993 ਦੇ ਬੰਬ ਵਿਸਫੋਟ ’ਚ ਨੌ ਲੋਕਾਂ ਦੀ ਮੌਤ ਤੇ ਤਤਕਾਲੀ ਯੂਥ ਕਾਂਗਰਸ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਸਮੇਤ 31 ਲੋਕਾਂ ਦੇ ਜ਼ਖਮੀ ਹੋਣ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ।
ਭੁੱਲਰ ਨੂੰ 1995 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਸਤੰਬਰ 1993 ’ਚ ਦਿੱਲੀ ’ਚ ਬੰਬ ਵਿਸਫੋਟ ਕਰਨ ਲਈ ਦੋਸ਼ੀ ਠਹਿਰਾਇਆ ਗਿਆ।