ਪਟਿਆਲਾ: ਨੇੜਲੇ ਪਿੰਡ ਪਸਿਆਣਾ ਕੋਲ ਲੰਘਦੀ ਭਾਖੜਾ ਨਹਿਰ ਵਿੱਚ ਵੱਡਾ ਪਾੜ ਪੈ ਗਿਆ। ਜਿਸ ਦਾ ਪਤਾ ਲੱਗਣ ‘ਤੇ ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਅਨਾਊਂਸਮੈਂਟ ਕਰਵਾਈ ਗਈ ਅਤੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਹਿਰ ਵਿੱਚ ਪਏ ਪਾੜ ਕਰਕੇ ਜਿੱਥੇ ਲੋਕਾਂ ਵਿੱਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਵੱਲੋਂ ਮੌਕੇ ਦਾ ਜਾਇਜ਼ਾ ਲੈਕੇ ਇਸ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸ਼ਨੀਵਾਰ ਤੜਕੇ ਭਾਖੜਾ ਨਹਿਰ ਵਿੱਚ ਪਾੜ ਪਿਆ ਅਤੇ ਇਸ ਦਾ ਪਾਣੀ ਆਸ ਪਾਸ ਦੇ ਖੇਤਾਂ ਵਿੱਚ ਭਰ ਗਿਆ। ਇਸ ਬਾਰੇ ਪਤਾ ਲੱਗਣ ਤੇ ਨਹਿਰੀ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪੁੱਜੀਆਂ ਅਤੇ ਨਹਿਰ ਤੋਂ ਨਿਕਲ ਰਹੇ ਪਾਣੀ ਨੂੰ ਰੋਕਣ ਦੇ ਯਤਨ ਸ਼ੁਰੂ ਕੀਤੇ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਸਵੇਰ ਸਮੇਂ ਨਹਿਰ ਤੇ ਜਾਇਜ਼ਾ ਲੈਣ ਲਈ ਪਹੁੰਚੇ। ਨਹਿਰੀ ਵਿਭਾਗ ਦੀਆਂ ਟੀਮਾਂ ਵੱਲੋਂ ਮਿੱਟੀ ਦੀਆਂ ਬੋਰੀਆਂ ਭਰ ਕੇ ਪਾੜ ਵਾਲੀ ਜਗ੍ਹਾ ਵਿੱਚ ਰੱਖ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।