ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੰਗਲ ਡੈਮ ਦੀ ਸੁਰੱਖਿਆ ਲਈ 296 ਸੀਆਈਐੱਸਐੱਫ ਜਵਾਨਾਂ ਦੀ ਟੁਕੜੀ ਤਾਇਨਾਤ ਕਰਨ ਦੇ ਕੇਂਦਰ ਦੇ ਕਦਮ ਦਾ ਵਿਰੋਧ ਕੀਤਾ ਹੈ। ਇਸ ਦੌਰਾਨ ਮਾਨ ਨੇ ਕਿਹਾ ਹੈ ਕਿ ਕੇਂਦਰ ਆਪਣਾ ਇਹ ਫੈਸਲਾ ਵਾਪਿਸ ਲਵੇ। ਮਾਨ ਨੇ ਕਿਹਾ ਕਿ ਜਦੋਂ ਪੰਜਾਬ ਪੁਲੀਸ ਪਹਿਲਾਂ ਹੀ ਡੈਮ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਸੀ ਤਾਂ ਸੀਆਈਐੱਸਐੱਫ ਜਵਾਨਾਂ ਨੂੰ ਤਾਇਨਾਤ ਕਰਨ ਦੀ ਕੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸ਼ਨਿਚਰਵਾਰ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਮੁੱਦਾ ਉਠਾਉਣਗੇ।
ਇਸ ਸਬੰਧੀ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਨੂੰ 296 ਜਵਾਨਾਂ ਲਈ ਸੀਆਈਐੱਸਐੱਫ ਦੇ ਹੱਕ ਵਿੱਚ 8,58,69,600 ਰੁਪਏ ਦੀ ਸੁਰੱਖਿਆ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਮਾਨ ਨੇ ਕਿਹਾ ਕਿ ਸੀਆਈਐੱਸਐੱਫ ਕਰਮਚਾਰੀਆਂ ਦੀ ਤਾਇਨਾਤੀ ’ਤੇ ਸਾਲਾਨਾ 8.58 ਕਰੋੜ ਰੁਪਏ ਖਰਚ ਹੋਣਗੇ। ਕੇਂਦਰ ਦੇ ਪੱਤਰ ਦੀ ਇੱਕ ਕਾਪੀ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਉਹ ਇਸ ਕੇਂਦਰੀ ਕਦਮ ਦਾ ਸਖ਼ਤ ਵਿਰੋਧ ਕਰਨਗੇ। ਮਾਨ ਨੇ ਕਿਹਾ, ‘‘ਅਸੀਂ ਨਾ ਤਾਂ ਬੀਬੀਐੱਮਬੀ ਰਾਹੀਂ ਪੈਸੇ ਦੇਣ ਦੀ ਇਜਾਜ਼ਤ ਦੇਵਾਂਗੇ ਅਤੇ ਨਾ ਹੀ ਪੰਜਾਬ ਸਰਕਾਰ ਦੇ ਸਰਕਾਰੀ ਖਜ਼ਾਨੇ ਵਿੱਚੋਂ ਪੈਸੇ ਦੇਵਾਂਗੇ।’’