ਅੰਮਿਤਸਰ : ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ‘ਚ ਗਿਆਨੀ ਰਣਜੀਤ ਸਿੰਘ ਗੌਹਰ (Ranjit Singh Gauhar) ਦਾ ਮਾਮਲਾ ਵਿਚਾਰਿਆ ਗਿਆ। ਗਿਆਨੀ ਰਣਜੀਤ ਸਿੰਘ ਗੌਹਰ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਗੁਰਪੁਰਵਾਸੀ ਪ੍ਰਧਾਨ ਅਵਤਾਰ ਸਿੰਘ ਹਿੱਤ ਵੱਲੋਂ ਮੈਂਬਰਾਂ ਨਾਲ ਮਸ਼ਵਰਾ ਕਰ ਕੇ ਮਿਤੀ 18.08.2022 ਨੂੰ ਉੱਚ-ਪੱਧਰੀ ਜਾਂਚ-ਕਮੇਟੀ ਬਣਾ ਕੇ ਇਨ੍ਹਾਂ ਦੇ ਨਿਰਦੋਸ਼ ਸਾਬਤ ਹੋਣ ਤਕ ਮਿਤੀ 28.08.2022 ਨੂੰ ਸੇਵਾ ਉੱਪਰ ਰੋਕ ਲਗਾਈ ਸੀ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੱਤਰ ਨੰਬਰ ਅ:ਤ/22/286 ਮਿਤੀ 22.10.2022 ਰਾਹੀਂ ਗਿਆਨੀ ਰਣਜੀਤ ਸਿੰਘ ਗੌਹਰ ਨਾਲ ਹੋਈ ਬੇਇਨਸਾਫੀ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਸੀ ਕਿ ਉਪਰੋਕਤ ਜਾਂਚ ਮੁਕੰਮਲ ਹੋਣ ’ਤੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ। ਦੁਬਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਆਦੇਸ਼ ਪੱਤਰ ਨੰਬਰ ਅ:ਤ/163 ਮਿਤੀ 06.12.2022 ਅਨੁਸਾਰ ਗਿਆਨੀ ਰਣਜੀਤ ਸਿੰਘ ਗੌਹਰ ਦੀਆਂ ਸੇਵਾਵਾਂ ਖਤਮ ਕਰਦਿਆਂ ਉਕਤ ਜਾਂਚ ਕਮੇਟੀ ਨੂੰ ਜਾਰੀ ਰੱਖਦਿਆਂ ਰਿਪੋਰਟ ਜਲਦ ਸੌਂਪਣ ਆਦੇਸ਼ ਕੀਤਾ ਗਿਆ ਸੀ। ਪਰੰਤੂ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਨਾ ਨਹੀਂ ਕੀਤੀ ਬਲਕਿ ਅਵਤਾਰ ਸਿੰਘ ਹਿੱਤ ਵੱਲੋਂ ਬਣਾਈ ਜਾਂਚ ਕਮੇਟੀ ਨੂੰ ਹੀ ਗੈਰ-ਸੰਵਿਧਾਨਕ ਆਖਿਆ ਜੋ ਕਿ ਵਾਜ਼ਬ ਨਹੀਂ ਜਾਪਦਾ।
ਗਿਆਨੀ ਰਣਜੀਤ ਸਿੰਘ ਗੌਹਰ ਦੀਆਂ ਸੇਵਾਵਾਂ ਬਹਾਲ, ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਲਿਆ ਗਿਆ ਅਹਿਮ ਫ਼ੈਸਲਾ
