ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਜਨਰਲ ਇਜਲਾਸ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕੀਤਾ ਗਿਆ। ਤਕਰੀਬਨ ਦੋ ਘੰਟੇ ਚੱਲੇ ਇਸ ਵਿਸ਼ੇਸ਼ ਇਜਲਾਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੁਝਾਅ ਦਿੱਤੇ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਨੁਕਾਤੀ ਮਤਾ ਪੇਸ਼ ਕੀਤਾ, ਜਿਸ ਨੂੰ ਹਾਊਸ ਨੇ ਪ੍ਰਵਾਨਗੀ ਦਿੱਤੀ।
ਮਤੇ ਬਾਰੇ ਗੱਲ ਕਰਦਿਆ ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਮਤੇ ਵਿੱਚ ਲਿਖਿਆ ਗਿਆ ਹੈ ਕਿ, ”ਸਿੱਖ ਧਰਮ ਆਪਣੇ ਮੌਲਿਕ ਇਤਿਹਾਸ, ਸਿਧਾਂਤਾਂ, ਮਰਿਆਦਾ ਅਤੇ ਵਿਚਾਰਧਾਰਾ ਦੀ ਅਮੀਰੀ ਕਰਕੇ ਦੁਨੀਆ ਦੇ ਧਰਮਾਂ ਅੰਦਰ ਨਿਵੇਕਲਾ ਸਥਾਨ ਰੱਖਦਾ ਹੈ। ਤਖ਼ਤ ਸਾਹਿਬਾਨ ਸਿੱਖ ਪੰਥ ਦੀਆਂ ਸਰਵਉੱਚ ਸੰਸਥਾਵਾਂ ਹਨ, ਜੋ ਸਿੱਖ ਇਤਿਹਾਸ, ਗੁਰਬਾਣੀ ਅਤੇ ਗੁਰਮਤਿ ਪ੍ਰੰਪਰਾਵਾਂ ਅਨੁਸਾਰ ਸਿੱਖ ਕੌਮ ਦੀ ਧਾਰਮਿਕ, ਪੰਥਕ, ਨੈਤਿਕ ਅਤੇ ਰੂਹਾਨੀ ਅਗਵਾਈ ਕਰਦੇ ਹਨ। ਹਰ ਤਖ਼ਤ ਸਾਹਿਬ ਦੀ ਆਪਣੇ ਇਤਿਹਾਸਕ ਪਿਛੋਕੜ ਅਤੇ ਪੰਥਕ ਮਹੱਤਤਾ ਦੇ ਨਾਲ-ਨਾਲ ਖੇਤਰੀ ਵਿਸ਼ੇਸ਼ਤਾ ਸਿੱਖ ਮਰਯਾਦਾ ਦਾ ਹਿੱਸਾ ਹੈ ਪਰ ਮਹੱਤਵਪੂਰਨ ਇਹ ਹੈ ਕਿ ਸਭ ਤਖ਼ਤ ਸਾਹਿਬਾਨ ਇੱਕੋ ਗੁਰਮਰਿਆਦਾ ਅਤੇ ਗੁਰੂ ਮਰਜੀ ਅਧੀਨ ਹਨ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਪ੍ਰਭੂਸੱਤਾ ਸੰਪੰਨ ਹਸਤੀ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਵਾਸਤੇ ਇਲਾਹੀ ਆਦੇਸ਼ ਦਾ ਅਸਥਾਨ ਹੈ। ਇਹ ਧਰਮ ਦੇ ਨਾਲ ਨਾਲ ਪੰਥਕ ਤੇ ਰਾਜਨੀਤਕ ਅਗਵਾਈ ਲਈ ਵੀ ਮਾਰਗ ਦਰਸ਼ਨ ਹੈ। ਸਿੱਖ ਕੌਮ ਦੇ 5 ਤਖ਼ਤ ਸਾਹਿਬਾਨ ਆਪੋ ਆਪਣੀ ਥਾਂ ਵੱਡੀ ਅਹਿਮੀਅਤ ਰੱਖਦੇ ਹਨ ਰਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਪੰਥ ਵੱਲੋਂ ਪ੍ਰਵਾਨੀ ਅਤੇ ਸਨਮਾਨੀ ਜਾਂਦੀ ਹੈ। ਸਿੱਖਾਂ ਦੇ ਕੌਮੀ ਮਸਲੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰੇ ਜਾਣ ਅਤੇ ਨਿਰਣਾ ਕਰਨ ਦਾ ਸਰਬ ਪ੍ਰਮਾਣਿਤ ਵਿਧਾਨ ਹੈ ਪਰ ਬਾਕੀ ਤਖ਼ਤ ਸਾਹਿਬਾਨ ਦਾ ਸਥਾਨਕ ਪੱਧਰ ‘ਤੇ ਮਾਮਲਿਆਂ ਨੂੰ ਸੰਬੋਧਨ ਹੋਣਾ ਵੀ ਸਿੱਖ ਰਹਿਤ ਮਰਿਆਦਾ ਦੀ ਸੇਧ ਵਿੱਚ ਅਧਿਕਾਰਤ ਹੈ।
ਅੱਜ ਦਾ ਇਹ ਜਰਨਲ ਇਜਲਾਸ ਕੌਮੀ ਇਤਿਹਾਸ, ਮਰਿਆਦਾ ਪ੍ਰੰਪਰਾਵਾਂ ਅਤੇ ਚੱਲਦੇ ਆ ਰਹੇ ਵਿਧੀ ਵਿਧਾਨ ਦੀ ਰੋਸ਼ਨੀ ਵਿੱਚ ਤਖ਼ਤ ਸਾਹਿਬਾਨ ਦੇ ਮਾਣ ਸਤਿਕਾਰ ਅਤੇ ਅਧਿਕਾਰਾਂ ਦਾ ਸਨਮਾਨ ਕਰਦਿਆਂ ਜਥੇਦਾਰ ਸਾਹਿਬਾਨ ਨੂੰ ਹਾਰਦਿਕ ਅਪੀਲ ਕਰਦਾ ਹੈ :-
- ਕਿਸੇ ਵੀ ਮਾਮਲੇ ‘ਤੇ ਫ਼ੈਸਲਾ ਲੈਣ ਸਮੇਂ ਪੰਥਕ ਰਵਾਇਤਾਂ ਨੂੰ ਨਜ਼ਰ-ਅੰਦਾਜ਼ ਨਾ ਕੀਤਾ ਜਾਵੇ। ਕੌਮੀ ਫੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੈਣ ਦੀ ਰਵਾਇਤ ਹੈ ਅਤੇ ਲਏ ਜਾਂਦੇ ਰਹਿਣਗੇ ਪਰ ਦੂਜੇ ਚਾਰ ਤਖ਼ਤ ਸਾਹਿਬਾਨ ਨਾਲ ਸਬੰਧਤ ਸਥਾਨਕ ਮਾਮਲਿਆਂ ਵਿੱਚ ਉਨ੍ਹਾਂ ਦੇ ਸਲਾਹ ਮਸ਼ਵਰੇ ਬਿਨ੍ਹਾਂ ਦਖ਼ਲ ਨਾ ਦਿੱਤਾ ਜਾਵੇ।
- ਜੇਕਰ ਕੋਈ ਅਜਿਹਾ ਮਾਮਲਾ ਵਿਚਾਰ ਅਧੀਨ ਆਵੇ ਤਾਂ ਦੀਰਘ ਵਿਚਾਰ ਵਟਾਂਦਰੇ ਮਗਰੋਂ ਹੀ ਕੋਈ ਫੈਸਲਾ ਕੀਤਾ ਜਾਵੇ। ਇਸ ਵਿਚ ਸਬੰਧਤ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਫੈਸਲੇ ਦਾ ਹਿੱਸਾ ਲਾਜ਼ਮੀ ਬਣਾਇਆ ਜਾਵੇ। ਸਾਂਝੀ ਰਾਏ ਨਾ ਬਣਨ ‘ਤੇ ਉਸ ਮਾਮਲੇ ਪ੍ਰਤੀ ਕਾਹਲੀ ਵਿੱਚ ਫੈਸਲਾ ਨਾ ਹੋਵੇ।
- ਵਿਸ਼ੇਸ਼ ਕਾਰਨਾਂ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਨੂੰ ਛੱਡ ਕੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕੁਝ ਦਿਨ ਪਹਿਲਾਂ ਐਲਾਨ ਕੀਤੀ ਜਾਵੇ। ਜੇਕਰ ਕਿਸੇ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਕਿਸੇ ਕਾਰਨ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕਣ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ 19 ਨਵੰਬਰ 2003 ਨੂੰ ਕੀਤੇ ਗਏ ਮਤੇ ਦੀ ਰੋਸ਼ਨੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨਾਂ ਵਿੱਚੋਂ ਹੀ ਸ਼ਾਮਲ ਕੀਤੇ ਜਾਣ।
- ਇਹ ਸਿੱਖ ਪੰਥ ਦੀਆਂ ਸ਼ਾਨਾਂਮੱਤੀਆਂ ਪ੍ਰੰਪਰਾਵਾਂ, ਸਿਧਾਂਤਾਂ, ਰਹੁਰੀਤਾਂ, ਪੰਥਕ ਜਲੌ ਅਤੇ ਕੌਮੀ ਸੰਸਥਾਵਾਂ ਦੇ ਮਾਣ ਸਨਮਾਨ ਤੇ ਮਹੱਤਵ ਨੂੰ ਅਸਲ ਰੂਪ ਵਿਚ ਬਣਾਈ ਰੱਖਣ ਲਈ ਬੇਹੱਦ ਜ਼ਰੂਰੀ ਹੈ।
