ਲੁਧਿਆਣਾ ਵਿੱਚ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਤੋਂ ਬਾਅਦ ਦਹਿਸ਼ਤ ਫੈਲ ਗਈ। ਇਸ ਸਬੰਧੀ ਜਾਣਕਾਰੀ ਮਿਲਣ ਉਪਰੰਤ ਲੁਧਿਆਣਾ ਪੁਲੀਸ ਨੇ ਹਰਕਤ ਵਿੱਚ ਆਉਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਲਈ ਆਈਪੀ ਐਡਰੈੱਸ ਨੂੰ ਟਰੇਸ ਕੀਤਾ ਜਾ ਰਿਹਾ ਹੈ।
ਧਮਕੀ ਸਾਹਮਣੇ ਆਉਣ ਤੋਂ ਬਾਅਦ ਬੰਬ ਨਿਰੋਧਕ ਦਸਤੇ ਅਤੇ ਖੋਜੀ ਕੁੱਤਿਆਂ ਦੀਆਂ ਇਕਾਈਆਂ ਨੂੰ ਡੀਸੀ ਦਫ਼ਤਰ ਵਿੱਚ ਤਲਾਸ਼ੀ ਲਈ ਤਾਇਨਾਤ ਕੀਤਾ ਗਿਆ ਅਤੇ ਦਫ਼ਤਰ ਅਤੇ ਇਸਦੇ ਆਲੇ ਦੁਆਲੇ ਦੇ ਖੇਤਰਾਂ ਦੇ ਆਲੇ ਦੁਆਲੇ ਸੁਰੱਖਿਆ ਵਧਾਈ ਗਈ ਹੈ ।
‘ਟ੍ਰਿਬਿਊਨ ਸਮੂਹ’ ਨੂੰ ਪੁਸ਼ਟੀ ਕਰਦੇ ਹੋਏ, ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਕਿਹਾ ਕਿ ਧਮਕੀ ਉਨ੍ਹਾਂ ਦੇ ਅਧਿਕਾਰਤ ਈਮੇਲ ਆਈਡੀ ’ਤੇ ਮਿਲੀ ਸੀ ਅਤੇ ਭੇਜਣ ਵਾਲੇ ਨੇ ਡੀਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਅਤੇ ਇਮਾਰਤ ਦੀ ਜਾਂਚ ਕੀਤੀ ਗਈ।
ਡੀਸੀ ਜੈਨ ਨੇ ਕਿਹਾ ਕਿ ਧਮਕੀ ਸਬੰਧ ਜਾਂਚ ਦੌਰਾਨ ਕੋਈ ਵੀ ਅਜਿਹੀ ਵਸਤੂ ਨਹੀਂ ਮਿਲੀ ਹੈ ਪਰ ਫਿਰ ਵੀ ਅਧਿਕਾਰੀ ਅਜਿਹੀਆਂ ਧਮਕੀਆਂ ਨੂੰ ਹਲਕੇ ਵਿੱਚ ਨਹੀਂ ਲੈ ਸਕਦੇ ਅਤੇ ਧਮਕੀ ਭੇਜਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਪੁਲਿਸ ਜਾਂਚ ਜਾਰੀ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਡੀਸੀ ਫਿਰੋਜ਼ਪੁਰ ਨੂੰ ਵੀ ਉਨ੍ਹਾਂ ਦੇ ਅਧਿਕਾਰਤ ਈਮੇਲ ’ਤੇ ਅਜਿਹੀ ਹੀ ਧਮਕੀ ਮਿਲੀ ਹੈ। ਡਿਪਟੀ ਕਮਿਸ਼ਨਰ ਜੈਨ ਨੇ ਕਿਹਾ ਕਿ ਮਿੰਨੀ ਸਕੱਤਰੇਤ ਵਿਚ ਕੰਮ ਸੁਚਾਰੂ ਢੰਗ ਨਾਲ ਜਾਰੀ ਹੈ।