ਮੁੱਖ ਮੰਤਰੀ ਭਗਵੰਤ ਮਾਨ ਅੱਜ ਮਜੀਠਾ ਹਲਕੇ ਦੇ ਪਿੰਡ ਮਰੜੀ ਪੁੱਜੇ ਹਨ ਜਿੱਥੇ ਉਨ੍ਹਾਂ ਨੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਦੇ ਮੂੰਹ ਪਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਵਿੱਚ ਹੋਈਆਂ ਮੌਤਾਂ, ਸਧਾਰਨ ਮੌਤ ਨਹੀਂ ਸਗੋਂ ਕਤਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਮਾਇਕ ਮਦਦ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 17 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਰਕਾਰ ਵੱਲੋਂ ਇਸ ਸਬੰਧ ਵਿੱਚ ਸਖਤ ਕਾਰਵਾਈ ਕਰਦਿਆਂ ਪੁਲੀਸ ਵਿਭਾਗ ਤੇ ਐਕਸਾਈਜ਼ ਵਿਭਾਗ ਦੇ ਦੋ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾਰੀ ਹੈ। ਹੁਣ ਤੱਕ ਇਸ ਮਾਮਲੇ ਵਿੱਚ 17 ਮੁਲਜ਼ਮ ਕਾਬੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀਆਂ ਤਾਰਾਂ ਦਿੱਲੀ ਤੱਕ ਜੁੜੀਆਂ ਹੋਈਆਂ ਹਨ ਅਤੇ ਪੁਲੀਸ ਟੀਮਾਂ ਨੂੰ ਦਿੱਲੀ ਵੀ ਭੇਜਿਆ ਗਿਆ ਹੈ ਤਾਂ ਜੋ ਇਸ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਆਖਿਆ ਕਿ ਇਸ ਮਾਮਲੇ ਨਾਲ ਜੁੜਿਆ ਕੋਈ ਵੀ ਵਿਅਕਤੀ ਹੋਵੇ, ਚਾਹੇ ਉਹ ਸਰਕਾਰੇ ਦਰਬਾਰੇ ਪ੍ਰਭਾਵ ਰੱਖਣ ਵਾਲਾ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਦਾ ਸ਼ਿਕਾਰ ਬਣੇ ਇਹ ਸਾਰੇ ਵਿਅਕਤੀ ਗਰੀਬ ਪਰਿਵਾਰਾਂ ਦੇ ਮੈਂਬਰ ਹਨ ਜੋ ਕਿ ਪਰਿਵਾਰਾਂ ਦੇ ਕਮਾਊ ਜੀਅ ਵੀ ਸਨ। ਇਨ੍ਹਾਂ ਦੀ ਮੌਤ ਕਾਰਨ ਪਰਿਵਾਰਾਂ ਨੂੰ ਵੱਡਾ ਦੁੱਖ ਪੁੱਜਾ ਹੈ ਜਿਸ ਨੂੰ ਦੇਖਿਆ ਨਹੀਂ ਜਾ ਸਕਦਾ। ਪੀੜਤ ਪਰਿਵਾਰਾਂ ਲਈ ਸਰਕਾਰੀ ਮਦਦ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਪਰਿਵਾਰ ਦਾ ਚੁੱਲ੍ਹਾ ਬੁਝਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ 600 ਲਿਟਰ ਮੈਥੇਨੋਲ ਦਿੱਲੀ ਤੋਂ ਆਰਡਰ ਕਰਕੇ ਮੰਗਵਾਇਆ ਗਿਆ ਸੀ, ਜਿਸ ਨੂੰ ਅੱਗੇ ਕਿਸੇ ਹੋਰ ਚੀਜ਼ ਵਿੱਚ ਮਿਲਾ ਕੇ ਇਸ ਨੂੰ ਥੈਲੀਆਂ ਵਿੱਚ ਭਰ ਕੇ ਵੇਚਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਵੀ ਅਜਿਹੀਆਂ ਮੌਤਾਂ ਹੁੰਦੀਆਂ ਸਨ ਪਰ ਇੱਕ ਆਦਿ ਮੌਤ ਦੇ ਕਾਰਨ ਇਸ ਦਾ ਪਤਾ ਨਹੀਂ ਲੱਗਦਾ ਸੀ ਪਰ ਹੁਣ ਜਦੋਂ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਹਨ ਤਾਂ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਹਿਲਾਂ ਲੋਕਾਂ ਦੀ ਨਿਗ੍ਹਾ ਗਈ ਅਤੇ ਮੂੰਹ ਵਿੱਚੋਂ ਝੱਗ ਆਉਣ ਲਈ ਲੱਗ ਪਈ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਤਰਨ ਤਾਰਨ ਖੇਤਰ ਵਿੱਚ ਵੀ ਅਜਿਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਵੱਡੀ ਗਿਣਤੀ ਵਿੱਚ ਮੌਤਾਂ ਹੋਣ ਦੀ ਘਟਨਾ ਵਾਪਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਨਸ਼ਿਆਂ ਖਿਲਾਫ ਜੰਗ ਦੀ ਮੁਹਿੰਮ ਚਲਾ ਰਹੀ ਹੈ ਅਤੇ ਹੁਣ ਇਸ ਨੂੰ ਵੀ ਜੜ੍ਹ ਤੋਂ ਖਤਮ ਕਰਨ ਦਾ ਯਤਨ ਕੀਤਾ ਜਾਵੇਗਾ।