ਬੀਸੀਸੀਆਈ ਨੇ ਅੱਜ ਐਲਾਨ ਕੀਤਾ ਕਿ ਸੋਧੇ ਹੋਏ ਪ੍ਰੋਗਰਾਮ ਅਨੁਸਾਰ ਆਈਪੀਐੱਲ ਦਾ ਫਾਈਨਲ 3 ਜੂਨ ਨੂੰ ਖੇਡਿਆ ਜਾਵੇਗਾ ਜਦਕਿ ਇਸ ਦੇ ਰਹਿੰਦੇ ਮੈਚ 17 ਮਈ ਤੋਂ ਸ਼ੁਰੂ ਹੋ ਜਾਣਗੇ ਜੋ ਛੇ ਥਾਵਾਂ ’ਤੇ ਖੇਡੇ ਜਾਣਗੇ। ਜ਼ਿਕਰਯੋਗ ਹੈ ਕਿ 8 ਮਈ ਨੂੰ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਮੈਚ ਨੂੰ ਰੱਦ ਕਰਨ ਤੋਂ ਬਾਅਦ ਆਈਪੀਐਲ ਨੂੰ ਰੋਕ ਦਿੱਤਾ ਗਿਆ ਸੀ ਕਿਉਂਕਿ ਪਾਕਿਸਤਾਨ ਨੇ ਚੰਡੀਗੜ੍ਹ ਨੇੜੇ ਭਾਰਤੀ ਹਵਾਈ ਖੇਤਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਸਟੇਡੀਅਮ ਵਿੱਚ ਬਲੈਕਆਊਟ ਕੀਤਾ ਗਿਆ ਸੀ।
ਬੀਸੀਸੀਆਈ ਬੋਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਈਪੀਐਲ 2025 ਨੂੰ 17 ਮਈ ਤੋਂ ਮੁੜ ਸ਼ੁਰੂ ਕੀਤਾ ਜਾਵੇਗਾ। ਇਹ ਫੈਸਲਾ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਅਤੇ ਸਾਰੇ ਪ੍ਰਮੁੱਖ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ। ਇਸ ਦਾ ਪਹਿਲਾ ਮੈਚ 17 ਮਈ ਨੂੰ ਬੰਗਲੁਰੂ ‘ਚ ਰੌਇਲ ਚੈਲੰਜਰਜ਼ ਬੰਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਵੇਗਾ।
ਸੋਧੇ ਹੋਏ ਸ਼ਡਿਊਲ ਅਨੁਸਾਰ ਲੀਗ ਮੈਚ ਛੇ ਸਥਾਨਾਂ ’ਤੇ ਹੋਣਗੇ ਜਿਨ੍ਹਾਂ ਵਿਚ ਬੰਗਲੁਰੂ, ਜੈਪੁਰ, ਦਿੱਲੀ, ਲਖਨਊ, ਅਹਿਮਦਾਬਾਦ ਅਤੇ ਮੁੰਬਈ ਸ਼ਾਮਲ ਹਨ। ਪਲੇਅਆਫ ਮੈਚਾਂ ਲਈ ਸਥਾਨਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਬੀਸੀਸੀਆਈ ਨੇ ਦੱਸਿਆ ਕਿ ਛੇ ਥਾਵਾਂ ’ਤੇ ਕੁੱਲ 17 ਮੈਚ ਖੇਡੇ ਜਾਣਗੇ।