ਪੰਜਾਬ ਸਰਕਾਰ ਵੱਲੋਂ 1,549 ਕਰੋੜ ਰੁਪਏ ਦੇ ਜਾਅਲੀ ਲੈਣ-ਦੇਣ ਦਾ ਪਰਦਾਫਾਸ਼

ਪੰਜਾਬ ਸਰਕਾਰ ਵੱਲੋਂ ਸੂਬੇ ’ਚ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾ ਰਹੀ ਸਖ਼ਤ ਕਾਰਵਾਈ ਤਹਿਤ ਪੰਜਾਬ ਦੇ ਕਰ ਵਿਭਾਗ ਨੇ ਕੁੱਲ 1,549 ਕਰੋੜ ਰੁਪਏ ਦੇ ਜਾਅਲੀ ਲੈਣ-ਦੇਣ ਦਾ ਪਰਦਾਫਾਸ਼ ਕੀਤਾ ਅਤੇ 108 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਇਨਪੁਟ ਟੈਕਸ ਕ੍ਰੈਡਿਟ ’ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇੱਥੇ ਪੰਜਾਬ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਕਰ ਵਿਭਾਗ ਨੇ 195 ਜੀਐੱਸਟੀ-ਰਜਿਸਟਰਡ ਫਰਮਾਂ ਦੀ ਜਾਂਚ ਕੀਤੀ ਤਾਂ 423 ਕਰੋੜ ਰੁਪਏ ਦੇ ਫਰਜ਼ੀ ਕਾਗਜ਼ੀ ਲੈਣ-ਦੇਣ ਦਾ ਖੁਲਾਸਾ ਹੋਇਆ। ਇਸ ਦੇ ਨਤੀਜੇ ਵਜੋਂ 75.79 ਕਰੋੜ ਰੁਪਏ ਦੇ ਆਈਟੀਸੀ ਨੂੰ ਬਲੌਕ ਕਰ ਦਿੱਤਾ ਗਿਆ। ਇਸ ’ਚੋਂ ਪੰਜਾਬ ਸਰਕਾਰ ਨਾਲ ਸਬੰਧਤ 39 ਫਰਮਾਂ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਗਈ ਹੈ, ਜਦਕਿ ਕੇਂਦਰ ਸਰਕਾਰ ਨਾਲ ਸਬੰਧਤ 156 ਫਰਮਾਂ ਦੀ ਰਜਿਸਟਰੇਸ਼ਨ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 195 ਫਰਮਾਂ ’ਚੋਂ 100 ਫਰਮਾਂ ਲੁਧਿਆਣਾ ਅਤੇ 72 ਫਰਮਾਂ ਮੰਡੀ ਗੋਬਿੰਦਗੜ੍ਹ ਨਾਲ ਸਬੰਧਤ ਹਨ।

ਚੀਮਾ ਨੇ ਕਿਹਾ ਕਿ ਕਰ ਵਿਭਾਗ ਨੇ ਵੱਖਰੇ ਮਾਮਲੇ ਵਿੱਚ ਲੁਧਿਆਣਾ ’ਚ ਸੋਨੇ ਦੇ ਲੈਣ-ਦੇਣ ਵਿੱਚ 900 ਕਰੋੜ ਰੁਪਏ ਦੇ ਜਾਅਲੀ ਇਨਵੁਆਇਸਾਂ ਦਾ ਪਰਦਾਫਾਸ਼ ਕਰਕੇ 21 ਕਰੋੜ ਰੁਪਏ ਦੇ ਆਈਟੀਸੀ ਨੂੰ ਬਲੌਕ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੁਹਾਲੀ, ਖਰੜ ਅਤੇ ਕੋਟਕਪੂਰਾ ਵਿੱਚ ਕੋਲੇ ਦੇ ਲੈਣ-ਦੇਣ ਵਿੱਚ 226 ਕਰੋੜ ਰੁਪਏ ਦੇ ਧੋਖਾਧੜੀ ਇਨਵੁਆਇਸਾਂ ਦਾ ਪਤਾ ਲਾਉਣ ਤੋਂ ਬਾਅਦ 12 ਕਰੋੜ ਰੁਪਏ ਦੇ ਆਈਟੀਸੀ ਨੂੰ ਬਲੌਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰ ਵਿਭਾਗ ਦੇ ਅਧਿਕਾਰੀਆਂ ਨੇ ਬਿਨਾਂ ਇਨਵੁਆਇਸ ਦੇ ਰਾਂਚੀ ਤੋਂ ਲੁਧਿਆਣਾ ਲਿਜਾਇਆ ਜਾ ਰਿਹਾ 2 ਕਿਲੋ ਸੋਨਾ ਬਰਾਮਦ ਕੀਤਾ ਹੈ, ਜਿਸ ਬਾਰੇ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਗਲਤ ਬਿਲਿੰਗ ਕਰਨ ਵਾਲਿਆਂ ਨੂੰ 9.07 ਕਰੋੜ ਰੁਪਏ ਦੇ ਜੁਰਮਾਨੇ
ਪੰਜਾਬ ਦੇ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਪਾਰੀਆਂ ’ਤੇ ਨਜ਼ਰ ਰੱਖਣ ਲਈ ‘ਮੇਰਾ ਬਿੱਲ’ ਐਪ ਚਲਾਈ ਗਈ ਹੈ, ਜਿਸ ’ਤੇ ਹੁਣ ਤੱਕ 4880 ਖਪਤਕਾਰਾਂ ਨੇ ਆਪਣੇ ਖਰੀਦ ਬਿੱਲ ਅਪਲੋਡ ਕੀਤੇ ਹਨ। ਇਸ ਦੌਰਾਨ ਗਲਤ ਢੰਗ ਨਾਲ ਬਿਲਿੰਗ ਕਰਨ ਵਾਲਿਆਂ ਨੂੰ 9,07,06,102 ਰੁਪਏ ਦੇ ਜੁਰਮਾਨੇ ਲਗਾਏ ਗਏ ਹਨ ਅਤੇ 7,20,92,230 ਰੁਪਏ ਦੀ ਸਫਲ ਰਿਕਵਰੀ ਕੀਤੀ ਗਈ ਹੈ।

Leave a Reply

Your email address will not be published. Required fields are marked *