ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਿਖਰਲੇ ਫੌਜੀ ਅਧਿਕਾਰੀਆਂ ਨਾਲ ਬੈਠਕ ਕਰਕੇ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ, ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ, ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਏਅਰ ਮਾਰਸ਼ਲ ਨਰਮਦੇਸ਼ਵਰ ਤਿਵਾੜੀ ਅਤੇ ਰੱਖਿਆ ਸਕੱਤਰ ਆਰ.ਕੇ. ਸਿੰਘ ਸ਼ਾਮਲ ਸਨ। ਇਹ ਬੈਠਕ ਭਾਰਤ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (DGMO’s) ਵੱਲੋਂ ਹੌਟਲਾਈਨ ’ਤੇ ਗੱਲਬਾਤ ਕਰਨ ਤੋਂ ਇਕ ਦਿਨ ਬਾਅਦ ਹੋਈ ਹੈ ਜਿੱਥੇ ਦੋਵਾਂ ਧਿਰਾਂ ਨੇ ਸਹਿਮਤੀ ਦਿੱਤੀ ਸੀ ਕਿ ਉਹ ‘ਇੱਕ ਵੀ ਗੋਲੀ ਨਹੀਂ ਚਲਾਉਣਗੀਆਂ ਤੇ ਨਾ ਹੀ ਕੋਈ ਹਮਲਾਵਰ ਅਤੇ ਦੁਸ਼ਮਣੀ ਵਾਲੀ ਕਾਰਵਾਈ ਸ਼ੁਰੂ ਕਰਨਗੀਆਂ।’’
ਹਾਲਾਂਕਿ, ਦੋਵਾਂ ਫੌਜੀ ਅਧਿਕਾਰੀਆਂ ਵਿਚਕਾਰ ਬਣੀ ਸਹਿਮਤੀ ਦੇ ਕੁਝ ਘੰਟਿਆਂ ਅੰਦਰ, ਜੰਮੂ-ਕਸ਼ਮੀਰ ਦੇ ਸਾਂਬਾ ਅਤੇ ਜਲੰਧਰ ਦੇ ਸੁਰਾਨਸੀ ਗੋਲਾ-ਬਾਰੂਦ ਡੰਪ ਦੇ ਆਲੇ-ਦੁਆਲੇ ਦੇ ਕੁਝ ਇਲਾਕਿਆਂ ਵਿੱਚ ਸ਼ੱਕੀ ਡਰੋਨ ਦੇਖੇ ਗਏ। ਅਧਿਕਾਰੀਆਂ ਨੇ ਕਿਹਾ ਕਿ ਫੌਜ ਉਨ੍ਹਾਂ ਨਾਲ ਰਾਬਤਾ ਕਰ ਰਹੀ ਹੈ। ਫੌਜ ਨੇ ਕਿਹਾ, ‘‘ਜੰਮੂ-ਕਸ਼ਮੀਰ ਦੇ ਸਾਂਬਾ ਨੇੜੇ ਕੁਝ ਸ਼ੱਕੀ ਡਰੋਨ ਦੇਖੇ ਗਏ ਹਨ। ਅਸੀਂ ਗੱਲਬਾਤ ਕਰ ਰਹੇ ਹਾਂ। ਘਬਰਾਉਣ ਦੀ ਕੋਈ ਲੋੜ ਨਹੀਂ ਹੈ।’’ ਇਹ ਸਭ ਕੁਝ ਅਜਿਹੇ ਮੌਕੇ ਹੋ ਰਿਹਾ ਹੈ ਜਦੋਂ ਪੰਜਾਬ ਦੇ ਕਈ ਸ਼ਹਿਰਾਂ, ਜਿਨ੍ਹਾਂ ਵਿੱਚ ਅੰਮ੍ਰਿਤਸਰ ਅਤੇ ਜਲੰਧਰ ਵੀ ਸ਼ਾਮਲ ਹਨ, ਨੂੰ ਗੁਆਂਢੀ ਮੁਲਕ ਵੱਲੋਂ ਦਰਪੇਸ਼ ਹਵਾਈ ਹਮਲਿਆਂ ਦੇ ਖ਼ਤਰੇ ਕਰਕੇ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ ਹੈ।
ਡੀਜੀਐਮਓਜ਼ ਭਾਰਤ ਦੇ ਲੈਫਟੀਨੈਂਟ ਜਨਰਲ ਰਾਜੀਵ ਘਈ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਮੇਜਰ ਜਨਰਲ ਕਾਸ਼ਿਫ ਅਬਦੁੱਲਾ ਨੇ ਸੋਮਵਾਰ ਸ਼ਾਮ 5 ਵਜੇ ਦੇ ਕਰੀਬ ਗੱਲਬਾਤ ਕੀਤੀ। ਚੱਲ ਰਹੇ ਤਣਾਅ ਦਾ ਹਵਾਲਾ ਦਿੰਦੇ ਹੋਏ, ਫੌਜ ਨੇ ਕਿਹਾ ਕਿ ਡੀਜੀਐਮਓਜ਼ ਇਸ ਗੱਲ ’ਤੇ ਸਹਿਮਤ ਹੋਏ ਕਿ ‘ਦੋਵਾਂ ਧਿਰਾਂ ਨੂੰ ਸਰਹੱਦ ਅਤੇ ਮੂਹਰਲੀਆਂ ਖੇਤਰਾਂ ਵਿੱਚ ਫੌਜਾਂ ਦੀ ਗਿਣਤੀ ਘਟਾਉਣ ਨੂੰ ਯਕੀਨੀ ਬਣਾਉਣ ਲਈ ਤੁਰੰਤ ਉਪਾਵਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ।’’