ਨਜ਼ਦੀਕੀ ਪਿੰਡ ਖਾਈ ਫ਼ੇਮੇ ਕੀ ਵਿੱਚ 9 ਮਈ ਦੀ ਰਾਤ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਜ਼ਖ਼ਮੀ ਹੋਏ ਪਰਿਵਾਰ ਦੇ ਤਿੰਨ ਜੀਆਂ ਵਿੱਚ ਸ਼ਾਮਲ ਮਹਿਲਾ ਸੁਖਵਿੰਦਰ ਕੌਰ (50) ਦੀ ਮੌਤ ਹੋ ਗਈ ਹੈ।
ਇਹ ਮਹਿਲਾ ਤੇ ਉਸ ਦਾ ਪਤੀ ਲਖਵਿੰਦਰ ਸਿੰਘ (55) ਇਸ ਘਟਨਾ ਦੌਰਾਨ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਏ ਸਨ। ਡਾਕਟਰਾਂ ਦੇ ਦੱਸਣ ਮੁਤਾਬਕ ਸੁਖਵਿੰਦਰ ਕੌਰ ਸੌ ਫ਼ੀਸਦੀ ਅਤੇ ਲਖਵਿੰਦਰ ਸਿੰਘ 72 ਫ਼ੀਸਦੀ ਝੁਲਸ ਚੁੱਕੇ ਸਨ, ਜਿਸ ਕਰਕੇ ਇਨ੍ਹਾਂ ਦੋਵਾਂ ਨੂੰ ਅਗਲੇ ਦਿਨ ਇਥੋਂ ਦੇ ਬਾਗੀ ਹਸਪਤਾਲ ਤੋਂ ਲੁਧਿਆਣਾ ਡੀਐਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਸੀ।
ਇਨ੍ਹਾਂ ਦਾ ਨੌਜਵਾਨ ਲੜਕਾ ਜਸਵੰਤ ਸਿੰਘ (24) ਅਜੇ ਵੀ ਫ਼ਿਰੋਜ਼ਪੁਰ ਦੇ ਬਾਗੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਮਲੇ ਦੌਰਾਨ ਲੋਹੇ ਦੀ ਕੋਈ ਤਿੱਖੀ ਚੀਜ਼ ਜਸਵੰਤ ਸਿੰਘ ਦੀਆਂ ਲੱਤਾਂ ਵਿੱਚ ਵੱਜਣ ਨਾਲ ਉਸ ਦੇ ਜ਼ਖ਼ਮ ਡੂੰਘੇ ਹਨ, ਪਰ ਉਂਝ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਕੌਰ ਨੇ ਰਾਤ ਬਾਰਾਂ ਵਜੇ ਦੇ ਕਰੀਬ ਡੀਐੱਮਸੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਉਸ ਦੀ ਮ੍ਰਿਤਕ ਦੇਹ ਅੱਜ ਖਾਈ ਫ਼ੇਮੇ ਕੀ ਪਿੰਡ ਵਿੱਚ ਲਿਆਂਦੀ ਜਾਵੇਗੀ।