ਚੰਡੀਗੜ੍ਹ, 1 ਅਪ੍ਰੈਲ (ਬਿਊਰੋ)- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ ਹੈ, ਜਦੋਂ ਚੰਡੀਗੜ੍ਹ ਮੁੱਦੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਨੂੰ ਘੇਰ ਲਿਆ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰਨ ਲਈ ਮਤਾ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮਸਲੇ ਇਕੱਲੇ ਭਗਵੰਤ ਮਾਨ ਹੀ ਲੋਕ ਸਭਾ ‘ਚ ਚੁੱਕਦੇ ਰਹੇ ਹਨ, ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਇਸ ‘ਤੇ ਇਤਰਾਜ਼ ਜ਼ਾਹਰ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਿਰਫ ਭਗਵੰਤ ਮਾਨ ਹੀ ਨਹੀਂ, ਸਗੋਂ ਬਾਕੀ ਸੰਸਦ ਮੈਂਬਰ ਵੀ ਪੰਜਾਬ ਦੇ ਮਸਲੇ ਚੁੱਕਦੇ ਹਨ। ਇਸ ਤੋਂ ਬਾਅਦ ਸਦਨ ‘ਚ ਰੌਲਾ-ਰੱਪਾ ਸ਼ੁਰੂ ਹੋ ਗਿਆ ਤਾਂ ਹਰਪਾਲ ਚੀਮਾ ਨੇ ਉਨ੍ਹਾਂ ‘ਤੇ ਤੰਜ ਕੱਸਦਿਆਂ ਪੁੱਛਿਆ ਕਿ ਕਾਂਗਰਸ ਦਾ ਵਿਰੋਧੀ ਧਿਰ ਦਾ ਨੇਤਾ ਕੌਣ ਹੈ, ਉਸ ਨੂੰ ਅੱਗੇ ਲੈ ਕੇ ਆਓ। ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ‘ਤੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਨੇ ਪਿਛਲੇ ਸਾਢੇ 4 ਸਾਲਾਂ ਦੌਰਾਨ ਕੁੱਝ ਨਹੀਂ ਕੀਤਾ। ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਇਨ੍ਹਾਂ ਸਾਲਾਂ ਦੌਰਾਨ ਸਿਸਵਾਂ ਮਹਿਲ ਦੇ ਦਰਵਾਜ਼ੇ ਹੀ ਖੁੱਲ੍ਹਵਾ ਲੈਂਦੇ, ਇਹੀ ਬਹੁਤ ਸੀ।