ਪੰਜਾਬ ਦੇ ਸਰਹੱਦੀ ਪਿੰਡਾਂ ’ਚ ਗੋਲੀਬੰਦੀ ਮਗਰੋਂ ਮਾਯੂਸ ਚਿਹਰੇ ਖਿੜ ਗਏ ਹਨ। ਉਂਝ, ਨਿੱਤ ਦਾ ਸੰਤਾਪ ਝੱਲਦੇ ਇਨ੍ਹਾਂ ਲੋਕਾਂ ਨੂੰ ਹੁਣ ਬਹੁਤਾ ਕੁੱਝ ਓਪਰਾ ਨਹੀਂ ਲੱਗਦਾ। ਖ਼ਤਰੇ ਦੇ ਵੱਜਦੇ ਘੁੱਗੂ ਤੇ ਘੁੱਪ ਹਨੇਰੀਆਂ ਰਾਤਾਂ, ਉਪਰੋਂ ਖ਼ੌਫ਼ ਦਾ ਪਹਿਰਾ, ਸਰਹੱਦੀ ਲੋਕਾਂ ਲਈ ਤਲਵਾਰ ਦੀ ਧਾਰ ਵਾਂਗ ਸੀ। ਅੱਜ ਦਿਨ ਸੁੱਖ ਦਾ ਲੰਘਿਆ ਹੈ। ਗੋਲੀਬੰਦੀ ਤੋਂ ਬਾਅਦ ਸਰਹੱਦੀ ਜ਼ਿਲ੍ਹਿਆਂ ’ਚ ਜਨ-ਜੀਵਨ ਲੀਹ ’ਤੇ ਪੈਣ ਲੱਗ ਪਿਆ ਹੈ। ਕੰਡਿਆਲੀ ਤਾਰ ਦੇ ਐਨ ਨੇੜੇ ਵਸਦੇ ਪਿੰਡ ਖ਼ਾਲੀ ਹੋਣ ਲੱਗ ਪਏ ਸਨ।
ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦੇ ਦਰਜਨਾਂ ਪਿੰਡਾਂ ’ਚ ਲੋਕ ਘਰਾਂ ਨੂੰ ਪਰਤਣ ਲੱਗ ਪਏ ਹਨ। ਪਿੰਡ ਖ਼ਾਨਪੁਰ, ਪੱਕਾ ਚਿਸ਼ਤੀ ਤੇ ਬੇਰੀਵਾਲੀ ਤਾਂ ਖ਼ਾਲੀ ਹੀ ਹੋ ਗਏ ਸਨ, ਅੱਜ ਇਨ੍ਹਾਂ ਪਿੰਡਾਂ ਵਿੱਚ ਪਰਿਵਾਰ ਪਰਤ ਆਏ ਹਨ। ਫ਼ਾਜ਼ਿਲਕਾ ਦੇ ਪਿੰਡ ਪੱਕਾ ਚਿਸ਼ਤੀ ਦੇ ਇਨਕਲਾਬ ਗਿੱਲ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪੂਰਾ ਪਿੰਡ ਹੀ ਹਿਜਰਤ ਕਰ ਗਿਆ ਸੀ ਪ੍ਰੰਤੂ ਹੁਣ ਲੋਕਾਂ ਨੇ ਪਿੰਡ ਵੱਲ ਵਾਪਸੀ ਸ਼ੁਰੂ ਕੀਤੀ ਹੈ ਅਤੇ ਦੁਕਾਨਦਾਰ ਵੀ ਦੁਕਾਨਾਂ ਖੋਲ੍ਹਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਲੋਕ ਮੁੜ ਹੌਸਲੇ ਵਿੱਚ ਹੋਏ ਹਨ।
ਪੰਜਾਬ ਭਰ ’ਚ ਵਿਦਿਅਕ ਅਦਾਰੇ ਸੋਮਵਾਰ ਤੋਂ ਮੁੜ ਖੁੱਲ੍ਹ ਰਹੇ ਹਨ ਅਤੇ ਸੁਭਾਵਿਕ ਹੈ ਕਿ ਸਰਹੱਦੀ ਜ਼ਿਲ੍ਹਿਆਂ ਦੇ ਬੱਚੇ ਖ਼ੌਫ਼ ’ਚੋਂ ਬਾਹਰ ਨਿਕਲਣਗੇ। ਜਾਣਕਾਰੀ ਮੁਤਾਬਕ ਕੁੱਝ ਸਰਹੱਦੀ ਜ਼ਿਲ੍ਹਿਆਂ ਵਿੱਚ ਹਾਲੇ ਸਕੂਲ ਬੰਦ ਰੱਖਣ ਦੇ ਵੀ ਹੁਕਮ ਹਨ ਪ੍ਰੰਤੂ ਇਸ ਬਾਰੇ ਭੰਬਲਭੂਸਾ ਬਣਿਆ ਹੋਇਆ ਹੈ। ਸਰਹੱਦੀ ਜ਼ਿਲ੍ਹਿਆਂ ਦੀਆਂ ਮੰਡੀਆਂ ਵਿੱਚ ਕਣਕ ਦੀ ਚੁਕਾਈ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਸਰਹੱਦੀ ਜ਼ਿਲ੍ਹਿਆਂ ਨੂੰ ਬਿਜਲੀ ਹੁਣ ਕੱਟ ਰਹਿਤ ਮਿਲ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਹਾਲੇ ਇਨ੍ਹਾਂ ਲੋਕਾਂ ਨੂੰ ਚੌਕਸੀ ਰੱਖਣ ਲਈ ਕਹਿ ਰਿਹਾ ਹੈ।
ਤਰਨਤਾਰਨ ਦੇ ਪਿੰਡ ਡੱਲ ਦੇ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਦੋ-ਤਿੰਨ ਦਿਨ ਪੂਰੇ ਖ਼ੌਫ਼ ਵਿੱਚ ਕੱਟੇ ਹਨ ਪ੍ਰੰਤੂ ਅੱਜ ਲੋਕਾਂ ਦੇ ਚਿਹਰੇ ਖਿੜ ਗਏ ਹਨ। ਉਨ੍ਹਾਂ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਖੇਤੀ ਦੇ ਕੰਮ ਲਈ ਇੱਕ-ਦੋ ਦਿਨਾਂ ’ਚ ਪ੍ਰਸ਼ਾਸਨ ਤੋਂ ਪ੍ਰਵਾਨਗੀ ਦੀ ਮੰਗ ਕੀਤੀ ਜਾਵੇਗੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਥਾਣਿਆਂ ਵਿੱਚ ਪੁਲੀਸ ਪਰਤ ਆਈ ਹੈ ਜਿਨ੍ਹਾਂ ਦੀ ਤਾਇਨਾਤੀ ਸਰਹੱਦੀ ਖੇਤਰ ਵਿੱਚ ਕੀਤੀ ਗਈ ਸੀ। ਪੁਲੀਸ ਦੇ ਨਾਕਿਆਂ ਵਿੱਚ ਵੀ ਕਮੀ ਆ ਗਈ ਹੈ। ਗੋਲੀਬੰਦੀ ਤੋਂ ਬਾਅਦ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਹੈ ਜਿਸ ਨੇ ਲੋਕਾਂ ਵਿੱਚ ਭਰੋਸਾ ਕਾਇਮ ਕੀਤਾ ਹੈ। ਸਰਹੱਦੀ ਲੋਕ ਪਹਿਲਾਂ ਹੀ ਸੰਤਾਪ ਹੰਢਾ ਚੁੱਕੇ ਹਨ ਅਤੇ ਬੀਤੇ ’ਚ ਵਿਨਾਸ਼ ਵੀ ਅੱਖੀਂ ਦੇਖ ਚੁੱਕੇ ਹਨ। ਸਰਹੱਦ ’ਤੇ ਪੈਂਦੇ ਪਿੰਡ ਪਲੋਪੱਤੀ ਦੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਇਹਤਿਆਤ ਵਰਤਣ ਲਈ ਆਖਿਆ ਹੈ ਅਤੇ ਹੁਣ ਹਾਲਾਤ ਵਿੱਚ ਸੁਧਾਰ ਵੀ ਹੋ ਰਿਹਾ ਹੈ।
ਸਮੁੱਚੇ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਬਾਜ਼ਾਰਾਂ ਵਿੱਚ ਰੌਣਕ ਪਰਤ ਆਈ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਚਹਿਲ-ਪਹਿਲ ਵਧ ਗਈ ਹੈ। ਜੇ ਅੱਜ ਕੋਈ ਹਿਲ-ਜੁਲ ਨਾ ਹੋਈ ਤਾਂ ਸੋਮਵਾਰ ਤੋਂ ਜਨ-ਜੀਵਨ ਪੂਰੀ ਤਰ੍ਹਾਂ ਲੀਹ ’ਤੇ ਪੈ ਜਾਵੇਗਾ। ਲੋਕ ਹਿਤੈਸ਼ੀ ਮੰਚ ਬਠਿੰਡਾ ਦੇ ਆਗੂ ਇੰਜ. ਕਰਨੈਲ ਸਿੰਘ ਮਾਨ ਨੇ ਕਿਹਾ ਕਿ ਬਠਿੰਡਾ ਕਾਫ਼ੀ ਸੰਵੇਦਨਸ਼ੀਲ ਰਿਹਾ ਹੈ ਅਤੇ ਲੋਕਾਂ ਨੇ ਪਿਛਲੇ ਕੁਝ ਦਿਨ ਕਾਫ਼ੀ ਸਹਿਮ ’ਚ ਕੱਢੇ ਹਨ ਪ੍ਰੰਤੂ ਅੱਜ ਮੁੜ ਲੋਕ ਘਰਾਂ ’ਚੋਂ ਬਾਹਰ ਨਿਕਲੇ ਹਨ।