ਭਾਰਤ ਵੱਲੋਂ ਬੁੱਧਵਾਰ ਤੜਕੇ ਪਾਕਿਸਤਾਨ ਵਿਚ ਅਪਰੇਸ਼ਨ ‘ਸਿੰਦੂਰ ਤਹਿਤ’ ਕੀਤੇ ਹਮਲਿਆਂ ਤੋਂ ਬਾਅਦ ਪਾਕਿਸਤਾਨ ਨੇ ਅੱਜ ਇਥੇ ਸਥਿਤ ਭਾਰਤੀ ਹਾਈ ਕਮਿਸ਼ਨ ਵਿਚਲੇ ਭਾਰਤੀ ਪ੍ਰਤੀਨਿਧੀ (ਚਾਰਜ ਡੀ ਅਫੇਅਰਜ਼ – Charge d’Affaires) ਨੂੰ ਤਲਬ ਕੀਤਾ ਅਤੇ ਭਾਰਤੀ ਹਮਲਿਆਂ ਵਿਰੁੱਧ ਸਖ਼ਤ ਵਿਰੋਧ ਦਰਜ ਕਰਵਾਇਆ।
ਫੌਜ ਨੇ ਕਿਹਾ ਕਿ ਭਾਰਤ ਵੱਲੋਂ ਲਹਿੰਦੇ ਪੰਜਾਬ ਅਤੇ ਮਕਬੂਜ਼ਾ ਕਸ਼ਮੀਰ (POK) ਦੇ ਸ਼ਹਿਰਾਂ ‘ਤੇ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਕੀਤੇ ਗਏ ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 26 ਲੋਕ ਮਾਰੇ ਗਏ ਅਤੇ 46 ਜ਼ਖਮੀ ਹੋ ਗਏ।
ਪਾਕਿਸਤਾਨੀ ਵਿਦੇਸ਼ ਦਫ਼ਤਰ (FO) ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਕਈ ਥਾਵਾਂ ‘ਤੇ ਬਿਨਾਂ ਭੜਕਾਹਟ ਦੇ ਕੀਤੇ ਗਏ ਭਾਰਤੀ ਹਮਲਿਆਂ ‘ਤੇ ਪਾਕਿਸਤਾਨ ਦਾ ਸਖ਼ਤ ਵਿਰੋਧ ਪ੍ਰਾਪਤ ਕਰਨ ਲਈ ਅੱਜ ਭਾਰਤੀ ਚਾਰਜ ਡੀ ਅਫੇਅਰਜ਼ (ਰਾਜਦੂਤ ਜਾਂ ਹਾਈ ਕਮਿਸ਼ਨਰ ਦੀ ਗ਼ੈਰਮੌਜੂਦਗੀ ਵਿਚ ਸਫ਼ਾਰਤਖ਼ਾਨੇ/ਹਾਈ ਕਮਿਸ਼ਨ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਹੇਠਲਾ ਸਫ਼ਾਰਤੀ ਅਧਿਕਾਰੀ ਜਾਂ ਉਪ ਰਾਜਦੂਤ) ਨੂੰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਿੱਚ ਤਲਬ ਕੀਤਾ ਗਿਆ ਸੀ।
ਇਸ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਹਮਲਿਆਂ ਦੇ ਨਤੀਜੇ ਵਜੋਂ ਔਰਤਾਂ ਅਤੇ ਬੱਚਿਆਂ ਸਮੇਤ ਕਈ ਨਾਗਰਿਕਾਂ ਦੀ ਮੌਤ ਅਤੇ ਜ਼ਖਮੀ ਹੋਣ ਦੀ ਖ਼ਬਰ ਹੈ। ਐਫਓ ਨੇ ਆਪਣੇ ਬਿਆਨ ਵਿਚ ਕਿਹਾ, “ਇਹ ਦੱਸਿਆ ਗਿਆ ਹੈ ਕਿ ਭਾਰਤ ਦੀ ਹਮਲਾਵਰ ਕਾਰਵਾਈ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਸਪੱਸ਼ਟ ਉਲੰਘਣਾ ਹੈ। ਅਜਿਹੀਆਂ ਕਾਰਵਾਈਆਂ ਸੰਯੁਕਤ ਰਾਸ਼ਟਰ ਚਾਰਟਰ, ਕੌਮਾਂਤਰੀ ਕਾਨੂੰਨ ਅਤੇ ਅੰਤਰ-ਮੁਲਕੀ ਸਬੰਧਾਂ ਨੂੰ ਚਲਾਉਣ ਵਾਲੇ ਤੈਅਸ਼ੁਦਾ ਨਿਯਮਾਂ ਦੀ ਉਲੰਘਣਾ ਹਨ।”
ਪਾਕਿਸਤਾਨ ਨੇ “ਆਪਣੇ ਦੁਸ਼ਮਣੀ ਭਰੇ ਵਿਵਹਾਰ ਲਈ ਭਾਰਤ ਦੇ ਬੇਬੁਨਿਆਦ ਤਰਕ” ਨੂੰ ਵੀ ਸਖ਼ਤੀ ਨਾਲ ਰੱਦ ਕਰ ਦਿੱਤਾ। ਐਫਓ ਨੇ ਕਿਹਾ ਕਿ ਭਾਰਤੀ ਪੱਖ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਅਜਿਹਾ ਲਾਪ੍ਰਵਾਹੀ ਵਾਲਾ ਵਿਵਹਾਰ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਗੰਭੀਰ ਖ਼ਤਰਾ ਪੈਦਾ ਕਰਦਾ ਹੈ।
ਭਾਰਤੀ ਹਥਿਆਰਬੰਦ ਬਲਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਖ਼ਿਲਾਫ਼ ਬਦਲੇ ਦੀ ਕਾਰਵਾਈ ਕਰਦਿਆਂ ਬੁੱਧਵਾਰ ਤੜਕੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅੱਤਵਾਦੀ ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕੀਤੇ। ਇਸ ਭਾਰਤੀ ਹਮਲੇ ਵਿੱਚ 26 ਲੋਕ ਮਾਰੇ ਗਏ ਹਨ।