\
ਨੰਗਲ: ਭਾਖੜਾ ਡੈਮ ਤੋਂ ਹਰਿਆਣਾ ਲਈ ਵਾਧੂ 8500 ਕਿਊਸਿਕ ਪਾਣੀ ਛੱਡਣ ਦੇ ਮਾਮਲੇ ਵਿੱਚ ਜਿੱਥੇ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨੰਗਲ ਡੈਮ ਦੇ ਨਾਕਾ ਲਾਇਆ ਗਿਆ ਸੀ ਅਤੇ ਪਾਣੀਆਂ ਦੀ ਰਾਖੀ ਦੀ ਗੱਲ ਕੀਤੀ ਸੀ ਅਤੇ ਉਸ ਤੋਂ ਬਾਅਦ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਸੈਸ਼ਨ ਵੀ ਪਾਣੀ ਨੂੰ ਲੈ ਕੇ ਬੁਲਾਇਆ ਗਿਆ ਹੈ, ਪਰ ਅੱਜ ਇੱਕਦਮ ਹੀ ਨੰਗਲ ਡੈਮ ਤੇ ਫਿਰ ਆਮ ਆਦਮੀ ਪਾਰਟੀ ਦੀ ਆਗੂਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਅਤੇ ਬਾਅਦ ਵਿੱਚ ਇਹ ਇੱਕ ਧਰਨੇ ਦੇ ਵਿੱਚ ਤਬਦੀਲ ਹੋ ਗਿਆ । ਇਸ ਸਬੰਧੀ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਡਾਕਟਰ ਸੰਜੀਵ ਗੌਤਮ ਨੇ ਦੱਸਿਆ ਕਿ ਜਿੱਥੇ ਅੱਜ ਸਾਡਾ ਜਰਨੈਲ ਭਗਵੰਤ ਸਿੰਘ ਮਾਨ ਪਾਣੀਆਂ ਦੀ ਲੜਾਈ ਲਈ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਸੈਸ਼ਨ ਬੁਲਾ ਕੇ ਲੜ ਰਿਹਾ ਹੈ ਉਥੇ ਹੀ ਸਾਨੂੰ ਪਤਾ ਲੱਗਾ ਹੈ ਕਿ ਬੀਬੀਐਮਬੀ ਚੁੱਪ ਚੁਪੀਤੇ ਅੱਜ ਵਾਧੂ ਪਾਣੀ ਛੱਡਣ ਦੇ ਲਈ ਤਿਆਰੀ ਕਰ ਰਹੀ ਹੈ ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ‘ਤੇ ਆਮ ਆਦਮੀ ਪਾਰਟੀ ਦੇ ਸਿਪਾਹੀ ਅੱਜ ਫਿਰ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਨੰਗਲ ਡੈਮ ‘ਤੇ ਬੈਠ ਗਏ ਹਨ ਅਤੇ ਹੁਣ ਉਦੋਂ ਤੱਕ ਨਹੀਂ ਉੱਠਣਗੇ ਜਦੋਂ ਤੱਕ ਪਾਣੀਆਂ ਬਾਰੇ ਕੋਈ ਫੈਸਲਾ ਨਹੀਂ ਹੋ ਜਾਂਦਾ। ਉਨ੍ਹਾਂ ਨੇ ਗੱਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਹਰਿਆਣਾ ਪਾਣੀਆਂ ਦੇ ਵਿਚਲਾ ਆਪਣਾ ਹਿੱਸਾ ਲੈ ਚੁੱਕਾ ਹੈ ਅਤੇ ਪੰਜਾਬ ਦੇ ਕੋਲ ਫਾਲਤੂ ਪਾਣੀ ਨਹੀਂ ਹੈ ਜੋ ਕਿ ਹਰਿਆਣਾ ਨੂੰ ਦਿੱਤਾ ਜਾਵੇ । ਇਸ ਮੌਕੇ ‘ਤੇ ਉਹਨਾਂ ਦੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਰੋਹਿਤ ਸ਼ਰਮਾ , ਮੋਹਿਤ ਦੀਵਾਨ, ਦੀਪੂ ਬਾਸ, ਵਿਕਰਮ ਸਚਦੇਵਾ, ਸਤੀਸ਼ ਚੋਪੜਾ, ਮਨਜੋਤ ਸਿੰਘ ,ਸੁਮਿਤ ਤਲਵਾੜਾ, ਵਿਕਰਮ ਸਚਦੇਵਾ, ਰਿੰਕਾ ਖਾਨ ,ਸੁਮਿਤ ਕੌਸ਼ਲ, ਅਜੇ ਕੁਮਾਰ, ਸਰਪੰਚ ਯਗਿਆਦਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਹਨ ।
AAP ਆਗੂ ਮੁੜ ਨੰਗਲ ਡੈਮ ‘ਤੇ ਬੈਠੇ, BBMB ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀਆਂ ਕਿਆਸਅਰਾਈਆਂ ‘ਤੇ ਜ਼ੋਰ
