ਜ਼ਿਲ੍ਹਾ ਪੁਲੀਸ ਨੇ ਅੱਜ ਸਵੇਰੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ 10 ਸਾਥੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ। ਜਗਜੀਤ ਸਿੰਘ ਡੱਲੇਵਾਲ ਨੇ 6 ਮਈ ਨੂੰ ਸ਼ੰਭੂ ਥਾਣੇ ਅੱਗੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਸੀ।
ਇਸ ਧਰਨੇ ਤੋਂ ਪਹਿਲਾਂ ਹੀ ਅੱਜ ਪੁਲੀਸ ਨੇ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ, ਲਾਲ ਸਿੰਘ ਗੋਲੇਵਾਲਾ, ਇੰਦਰਜੀਤ ਸਿੰਘ ਘਣੀਆਂ, ਬਲਦੇਵ ਸਿੰਘ ਅਤੇ ਕੁਝ ਹੋਰ ਕਿਸਾਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ।
ਕਿਸਾਨ ਆਗੂ ਲਾਲ ਸਿੰਘ ਗੋਲੇਵਾਲਾ ਨੇ ਇਸ ਨਜ਼ਰਬੰਦੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਦੀ ਅਜਿਹੀ ਕਾਰਵਾਈ ਨਾਲ ਕਿਸਾਨਾਂ ਦਾ ਅੰਦੋਲਨ ਰੁਕਣ ਵਾਲਾ ਨਹੀਂ ਅਤੇ ਉਨ੍ਹਾਂ ਦੇ ਸਾਥੀ ਕਿਸਾਨ ਸ਼ੰਭੂ ਥਾਣੇ ਅੱਗੇ ਹਰ ਹਾਲਤ ਵਿੱਚ ਧਰਨਾ ਦੇਣਗੇ।
ਪੁਲੀਸ ਨੇ ਕਿਸਾਨ ਆਗੂਆਂ ਦੇ ਘਰਾਂ ਨੂੰ ਜਾਂਦੇ ਰਸਤੇ ਕੀਤੇ ਸੀਲ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ: ਮਾਲੇਰਕੋਟਲਾ ਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਪੈਂਦੇ ਇਸ ਇਲਾਕੇ ਦੀ ਪੁਲੀਸ ਅੱਜ ਤੜਕਸਾਰ ਪੱਬਾਂ ਭਾਰ ਦੇਖੀ ਗਈ ਜਦੋਂ ਕਿ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਨੇ ਮੁੱਖ ਮਾਰਗਾਂ ਉੱਪਰ ਨਾਕੇ ਲਗਾਉਣ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਕਿਸਾਨ ਆਗੂਆਂ ਦੇ ਘਰਾਂ ਨੂੰ ਜਾਂਦੇ ਰਸਤੇ ਲਗਭਗ ਸੀਲ ਕਰ ਦਿੱਤੇ।
ਭਾਵੇਂ ਪ੍ਰਸ਼ਾਸਨ ਨੇ ਅੱਜ ਤੜਕਸਾਰ ਕੀਤੀ ਇਸ ਕਾਰਵਾਈ ਨੂੰ ਰੁਟੀਨ ਅਮਲ ਦੱਸਿਆ ਹੈ ਪਰ ਸੂਤਰ ਦੱਸਦੇ ਹਨ ਕਿ ਮੰਗਲਵਾਰ ਨੂੰ ਸ਼ੰਭੂ ਥਾਣੇ ਅੱਗੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਕਿਸਾਨ ਆਗੂਆਂ ਵੱਲੋਂ ਇੱਕ ਦਿਨ ਪਹਿਲਾਂ ਹੀ ਕੂਚ ਕਰਨ ਦੀਆਂ ਖਬਰਾਂ ਮਿਲਣ ਤੋਂ ਬਾਅਦ ਅੱਜ ਦੀ ਕਾਰਵਾਈ ਕੀਤੀ ਗਈ ਹੈ।