ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀਆਂ ਦੇਣ ਨਾਲ ਸ਼ੁਰੂ ਹੋਇਆ ਹੈ। ਸਦਨ ਨੇ 22 ਅਪਰੈਲ ਨੂੰ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਦਨ ਬੇਸ਼ੱਕ ਮਾਸੂਮ ਸੈਲਾਨੀਆਂ ’ਤੇ ਹੋਈ ਹਿੰਸਾ ਦੀ ਨਿੰਦਾ ਕਰਦਾ ਹੈ ਪਰ ਸਦਨ ਨੂੰ ਉਮੀਦ ਹੈ ਕਿ ਕੇਂਦਰ ਅਤੇ ਸੂਬਾ (ਜੰਮੂ-ਕਸ਼ਮੀਰ) ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਆਪਣੀ ਪੂਰੀ ਤਾਕਤ ਨਾਲ ਕੋਸ਼ਿਸ਼ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਅਜਿਹੀਆਂ ਭਿਆਨਕ ਘਟਨਾਵਾਂ ਮੁੜ ਨਾ ਵਾਪਰਨ।
ਕਾਬਿਲੇਗੌਰ ਹੈ ਕਿ ਇਹ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ 30 ਅਪਰੈਲ ਨੂੰ ਜਾਰੀ ਕੀਤੇ ਗਏ ਹੁਕਮ ’ਤੇ ਚਰਚਾ ਕਰਨ ਲਈ ਬੁਲਾਇਆ ਗਿਆ ਹੈ, ਜਿਸ ਵਿੱਚ ਪੰਜਾਬ ਨੂੰ ਹਰਿਆਣਾ ਨੂੰ ਕੁੱਲ 8500 ਕਿਊਸਿਕ ਵਾਧੂ ਪਾਣੀ ਦੇਣ ਲਈ ਕਿਹਾ ਗਿਆ ਹੈ। ਜਦੋਂ ਕਿ ਪੰਜਾਬ ਭਾਖੜਾ ਡੈਮ ਤੋਂ ਗੁਆਂਢੀ ਸੂਬੇ ਨੂੰ 4000 ਕਿਊਸਿਕ ਵਾਧੂ ਪਾਣੀ ਦੇ ਰਿਹਾ ਸੀ। ਸੂਬੇ ਨੇ ਹਰਿਆਣਾ ਦੀ 4500 ਕਿਊਸਿਕ ਹੋਰ ਪਾਣੀ ਦੇਣ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸੂਬੇ ਦੀਆਂ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਪਹਿਲਾਂ ਹੀ ਇਸ ਮੁੱਦੇ ’ਤੇ ਸੱਤਾਧਾਰੀ ਪਾਰਟੀ, ਆਮ ਆਦਮੀ ਪਾਰਟੀ ਦਾ ਸਮਰਥਨ ਕਰ ਚੁੱਕੀਆਂ ਹਨ।
ਵਿਸ਼ੇਸ਼ ਇਜਲਾਸ ਦੌਰਾਨ ਸਦਨ ਨੇ ਪੰਜਾਬ ਦੇ ਸਾਬਕਾ ਸੰਸਦ ਮੈਂਬਰ ਮਾਸਟਰ ਭਗਤ ਰਾਮ ਅਤੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਸਾਰੇ ਵਿਧਾਇਕਾਂ ਵੱਲੋਂ ਵਿਛੜੀਆਂ ਰੂਹਾਂ ਲਈ ਦੋ ਮਿੰਟ ਦਾ ਮੌਨ ਧਾਰਨ ਕਰਨ ਤੋਂ ਬਾਅਦ, ਸੈਸ਼ਨ ਦਾ ਪਹਿਲਾ ਪੜਾਅ ਸੱਤ ਮਿੰਟਾਂ ਦੇ ਅੰਦਰ ਖਤਮ ਹੋ ਗਿਆ ਤੇ ਅਗਲੀ ਕਾਰਵਾਈ 12 ਵਜੇ ਸ਼ੁਰੂ ਹੋਵੇਗੀ।