ਬਠਿੰਡਾ ਖੇਤਰ ਵਿਚ ਪੈਂਦਾ ਕੋਟਭਾਈ ਰਜਵਾਹਾ ਬੀਤੀ ਰਾਤ ਤੇਜ਼ ਝੱਖੜ ਕਾਰਨ ਪਿੰਡ ਵਿਰਕ ਕਲਾਂ ਨੇੜੇ ਪਾੜ ਪੈਣ ਕਰਕੇ ਟੁੱਟ ਗਿਆ।
ਰਜਵਾਹੇ ਵਿਚ 40 ਫੁੱਟ ਦੇ ਕਰੀਬ ਪਏ ਪਾੜ ਨਾਲ 50 ਏਕੜ ਦੇ ਕਰੀਬ ਰਕਬੇ ਵਿਚ ਪਾਣੀ ਭਰ ਗਿਆ।
ਕਿਸਾਨ ਸ਼ੰਭੂ ਸ਼ਰਮਾ ਤੇ ਰੋਹਿਤ ਵਿਰਕ ਨੇ ਦੱਸਿਆ ਕਿ ਰਜਵਾਹੇ ਵਿਚ ਸਵੇਰ 4 ਵਜੇ ਦੇ ਕਰੀਬ ਪਾੜ ਪਿਆ, ਪਰ ਨਹਿਰੀ ਮਹਿਕਮੇ ਦਾ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਫੋਨ ਕਰਨ ਦੇੇ ਬਾਵਜੂਦ ਅਜੇ ਤੱਕ ਨਹੀਂ ਪੁੱਜਾ।
ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨਾਂ ਵੱਲੋਂ ਤੂੜੀ ਬਣਾਈ ਜਾਣੀ ਸੀ, ਪਰ ਖੇਤਾਂ ਵਿਚ ਪਾਣੀ ਭਰਨ ਕਾਰਨ ਨਾੜ ਦਾ ਨੁਕਸਾਨ ਹੋ ਗਿਆ ਹੈ।
ਦੂਜੇ ਪਾਸੇ ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਰਜਵਾਹੇ ਵਿਚ ਪਾਣੀ ਘਟਾ ਦਿੱਤਾ ਗਿਆ ਹੈ।