ਸ੍ਰੀ ਮੁਕਤਸਰ ਸਾਹਿਬ: ਸਿੱਖ ਇਤਿਹਾਸ ਦੇ ਮਹਾਨ ਸ਼ਹੀਦਾਂ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਦੇ ਦੂਜੇ ਦਿਨ ਅੱਜ ਦੋ ਰਵਾਇਤੀ ਨਗਰ ਕੀਰਤਨਾਂ ਨਾਲ ਮੇਲਾ ਮਾਘੀ ਰਸਮੀ ਤੌਰ ‘ਤੇ ਸਮਾਪਤ ਹੋ ਗਿਆ। ਭਾਵੇਂ ਇਹ ਮੇਲਾ ਸ਼ਹਿਰੀਆਂ ਦੇ ਮੇਲੇ ਵਜੋਂ ਅਜੇ ਕਰੀਬ 20 ਦਿਨ ਹੋਰ ਜਾਰੀ ਰਹੇਗਾ। ਰਵਾਇਤ ਮੁਤਾਬਕ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਸਥਾਵਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਦਰਬਾਰ ਸਾਹਿਬ ਦੇ ਨਾਕਾ ਨੰਬਰ 4 ਤੋਂ ਸਵੇਰੇ 10 ਵਜੇ ਆਰੰਭ ਹੋਇਆ ਇਹ ਨਗਰ ਕੀਰਤਨ ਰੇਲਵੇ ਰੋਡ, ਬੈਂਕ ਰੋਡ, ਘਾਹ ਮੰਡੀ ਚੌਂਕ ਤੋਂ ਗੁਰਦੁਆਰਾ ਤੋਂ ਹੁੰਦਾ ਹੋਇਆ ਇਤਿਹਾਸਿਕ ਗੁਰਦੁਆਰਾ ਟਿੱਬੀ ਸਾਹਿਬ ਪਹੁੰਚਿਆ।
ਜਿੱਥੇ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਦਾਤਨਸਰ ਸਾਹਿਬ ਤੋਂ ਹੁੰਦਾ ਹੋਇਆ ਵਾਪਿਸ ਸ੍ਰੀ ਦਰਬਾਰ ਸਾਹਿਬ ਆ ਕੇ ਸਮਾਪਤ ਹੋਇਆ। ਇਸ ਦੌਰਾਨ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਸ਼ਹਿਰ ਦੀਆਂ ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ ‘ਤੇ ਲੰਗਰ ਲਗਾਏ ਗਏ। ਇਸ ਮੌਕੇ ਫੌਜੀ ਬੈਂਡ ਟੀਮ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ। ਇਸ ਮੌਕੇ ਸ਼ਹਿਰ ਵਿੱਚ ਧਾਰਮਿਕ ਸਟਾਲਾਂ, ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਮੈਨੇਜ਼ਰ ਬਲਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਲਵਾਈ।