ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਛੇ ਪਿਸਤੌਲ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ ਤਿੰਨ ਗਲੋਕ ਪਿਸਤੌਲ ਅਤੇ 30 ਬੋਰ ਦੇ 3 ਬਰੇਟਾ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ 20 ਕਾਰਤੂਸ 9 ਐੱਮਐੱਮ ਅਤੇ 20 ਕਾਰਤੂਸ 30 ਬੋਰ ਦੇ, ਚਾਰ ਮੋਬਾਈਲ ਫੋਨ ਅਤੇ ਇੱਕ ਸਕੂਟਰ ਸ਼ਾਮਲ ਹਨ। ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਵਿਜੈ ਮਸੀਹ, ਅੰਗਰੇਜ਼ ਸਿੰਘ ਅਤੇ ਇਕਬਾਲ ਸਿੰਘ ਵਜੋਂ ਹੋਈ ਹੈ। ਇਹ ਸਾਰੇ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਹਨ।
ਇਸ ਸਬੰਧ ਵਿੱਚ ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਖਾਤੇ ’ਤੇ ਖੁਲਾਸਾ ਕਰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹ ਵਿਅਕਤੀ ਯੂਕੇ ਅਧਾਰਤ ਗੈਂਗਸਟਰ ਧਰਮਪ੍ਰੀਤ ਸਿੰਘ ਉਰਫ ਧਰਮਾ ਸੰਧੂ ਅਤੇ ਜੱਸਾ ਪੱਟੀ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅੰਤਰਰਾਸ਼ਟਰੀ ਅਪਰਾਧ ਸੰਗਠਨ ਨਾਲ ਜੁੜੇ ਹੋਏ ਹਨ ਅਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਦੇ ਕਾਰੋਬਾਰ ਵਿੱਚ ਸ਼ਾਮਲ ਹਨ। ਇਸ ਸਬੰਧ ਵਿੱਚ ਪੁਲੀਸ ਵੱਲੋਂ ਥਾਣਾ ਲੋਪੋਕੇ ਵਿੱਚ ਕੇਸ ਦਰਜ ਕੀਤਾ ਗਿਆ ਹੈ।