ਕਪੂਰਥਲਾ : ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੇ ਯੁੱਧ ਨੂੰ ਅੱਜ ਕਪੂਰਥਲਾ ਜਿਲ੍ਹੇ ਦੀਆਂ ਵਿਲੇਜ਼ ਡਿਫੈਂਸ ਕਮੇਟੀਆਂ, ਵਾਰਡ ਡਿਫੈਂਸ ਕਮੇਟੀਆਂ ਦੇ ਹਜ਼ਾਰਾਂ ਮੈਂਬਰਾਂ, ਸਰਪੰਚਾਂ, ਪੰਚਾਂ, ਨੰਬਰਦਾਰਾਂ, ਕੌਂਸਲਰਾਂ ਨੇ ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ, ਲਾਲ ਚੰਦ ਕਟਾਰੂਚੱਕ ਤੇ ਮੋਹਿੰਦਰ ਭਗਤ ਦੀ ਹਾਜ਼ਰੀ ਵਿਚ ਲੋਕ ਲਹਿਰ ਬਣਾਉਣ ਦਾ ਅਹਿਦ ਲਿਆ। ਰੇਲ ਕੋਚ ਫੈਕਟਰੀ-ਸੁਲਤਾਨਪੁਰ ਲੋਧੀ ਰੋਡ ਉੱਪਰ ਹੋਏ ਵਿਸ਼ਾਲ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਐਲਾਨ ਕੀਤਾ ਕਿ ਉਹ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੀ ਲੜਾਈ ਨੂੰ ਹਰ ਪਿੰਡ, ਕਸਬੇ ਤੇ ਗਲੀ-ਮੁਹੱਲੇ ਤੱਕ ਲੈ ਕੇ ਜਾਣਗੇ।
ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ‘ਪੰਜਾਬ ਸਰਕਾਰ ਲੋਕਾਂ ਦੇ ਸਹਿਯੋਗ ਨਾਲ ਨਸ਼ੇ ਦਾ ਸਫਾਇਆ ਕਰਕੇ ਦਮ ਲਵੇਗੀ’। ਉਨ੍ਹਾਂ ਦੱਸਿਆ ਕਿ ‘7 ਮਈ ਤੋਂ ਪੰਜਾਬ ਭਰ ਵਿਚ ਨਸ਼ਾ ਮੁਕਤੀ ਯਾਤਰਾ ਸ਼ੁਰੂ ਹੋਵੇਗੀ, ਜੋ ਕਿ ਹਰ ਰੋਜ਼ ਹਰੇਕ ਬਲਾਕ ਦੇ 3 ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਨਸ਼ੇ ਦੀ ਰੋਕਥਾਮ ਲਈ ਲਾਮਬੰਦ ਕਰੇਗੀ।’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੂਰੀ ਦ੍ਰਿੜਤਾ ਨਾਲ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਨਸ਼ੇ ਦੀ ਸਪਲਾਈ ਲਾਇਨ ਤੋੜਨ ਵਿਚ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ‘ਨਸ਼ਾ ਤਸਕਰਾਂ ਵਲੋਂ ਕਾਲੀ ਕਮਾਈ ਨਾਲ ਬਣਾਏ ਮਹਿਲਾਂ ਨੂੰ ਢਾਹ ਢੇਰੀ ਕਰ ਦਿੱਤਾ ਜਾਵੇਗਾ’।