ਪਹਿਲਗਾਮ ਹਮਲੇ ਪਿੱਛੇ ਹਮਾਸ ਤੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦਾ ਗੱਠਜੋੜ, ਰਾਵਲਾਕੋਟ ਤੇ ਮੁਜ਼ੱਫਰਾਬਾਦ ’ਚ ਰਚੀ ਗਈ ਸੀ ਸਾਜ਼ਿਸ਼

ਸ੍ਰੀਨਗਰ: ਪਹਿਲਗਾਮ ਦੇ ਬੈਸਰਨ ’ਚ ਜੋ ਹੋਇਆ, ਉਸਦਾ ਖਦਸ਼ਾ ਪਹਿਲਾਂ ਤੋਂ ਸੀ। ਇਹ ਹਮਲਾ ਪਾਕਿਸਤਾਨ ’ਚ ਸਰਗਰਮ ਅੱਤਵਾਦੀ ਸੰਗਠਨਾਂ ਅਤੇ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਦੇ ਵਿਚਾਲੇ ਗੱਠਜੋੜ ਤੋਂ ਪੈਦਾ ਖਤਰੇ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਪਹਿਲਗਾਮ ਹਮਲਾ ਵੀ ਸੱਤ ਅਕਤੂਬਰ 2023 ਨੂੰ ਹਮਾਸ ਦੇ ਅੱਤਵਾਦੀਆਂ ਵਲੋਂ ਇਜ਼ਰਾਈਲ ’ਚ ਨੋਵਾ ਮਹਾਉਤਸਵ ਦੌਰਾਨ ਹੋਏ ਹਮਲੇ ਵਰਗਾ ਹੈ। ਉੱਧਰ ਸੁਰੱਖਿਆ ਏਜੰਸੀਆਂ ਤੁਰੰਤ ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਨੂੰ ਪਛਾਨਣ ਅਤੇ ਵੱਖ-ਵੱਖ ਸ੍ਰੋਤਾਂ ਤੋਂ ਹਾਸਲ ਅੱਤਵਾਦੀ ਇਨਪੁਟ ਦੀ ਸਮੀਖਿਆ ਅਤੇ ਉਸ ਅਨੁਸਾਰ ਕਾਰਵਾਈ ’ਚ ਜੁਟ ਗਈਆਂ ਹਨ।

ਕਸ਼ਮੀਰ ’ਚ ਕੁਝ ਵੱਡਾ ਹੋਣ ਜਾ ਰਿਹਾ ਹੈ, ਇਸ ਦਾ ਸੰਕੇਤ ਫਰਵਰੀ ’ਚ ਮਿਲਣ ਲੱਗਾ ਸੀ। ਦੋ ਫਰਵਰੀ ਨੂੰ ਗੁਲਾਮ ਜੰਮੂ-ਕਸ਼ਮੀਰ ਦੇ ਰਾਵਲਾਕੋਟ ਅਤੇ ਮੁਜ਼ੱਫਰਾਬਾਦ ’ਚ ਲਸ਼ਕਰ ਕਮਾਂਡਾਰਾਂ ਦੀਆਂ ਦੋ ਬੈਠਕਾਂ ਹੋਈਆਂ। ਇਨ੍ਹਾਂ ’ਚੋਂ ਇਕ ਬੈਠਕ ’ਚ ਸੈਫੁੱਲਾ ਕਸੂਰੀ ਉਰਫ ਖਾਲਿਦ ਨੇ ਕਿਹਾ ਸੀ ਕਿ ਅਸੀਂ ਕਸ਼ਮੀਰ ’ਚ ਆਪਣੀਆਂ ਗਤੀਵਿਧੀਆਂ ’ਚ ਤੇਜ਼ੀ ਲਿਆ ਰਹੇ ਹਾਂ। ਇਕ ਸਾਲ ’ਚ ਕਸ਼ਮੀਰ ਦੇ ਹਾਲਾਤ ਬਦਲ ਦੇਵਾਂਗੇ। ਪੰਜ ਫਰਵਰੀ ਨੂੰ ਗੁਲਾਮ ਜੰਮੂ-ਕਸ਼ਮੀਰ ’ਚ ਇਕ ਰੈਲੀ ’ਚ ਹਮਾਸ ਕਮਾਂਡਰ ਅਤੇ ਲਸ਼ਕਰ, ਜੈਸ਼ ਤੇ ਹੋਰ ਅੱਤਵਾਦੀ ਸੰਗਠਨਾਂ ਦੇ ਕਮਾਂਡਰ ਇਕ ਮੰਚ ’ਤੇ ਨਜ਼ਰ ਆਏ ਸਨ•। ਇਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਪਾਕਿਸਤਾਨ ’ਚ ਸਰਗਰਮ ਕਸ਼ਮੀਰੀ ਅੱਤਵਾਦੀ ਅਤੇ ਹਮਾਸ ਹੁਣ ਇਕੱਠੇ ਹੋ ਰਹੇ ਹਨ। ਪਾਕਿਸਤਾਨੀ ਫੌਜ ਨੇ ਉਨ੍ਹਾਂ ਦੇ ਗੱਠਜੋੜ ਨੂੰ ਉਤਸ਼ਾਹਿਤ ਕੀਤਾ। ਬੀਤੇ ਹਫਤੇ ਵੀ ਜੈਸ਼ ਅਤੇ ਹਮਾਸ ਕਮਾਂਡਰਾਂ ਵਿਚਾਲੇ ਬਹਾਵਲਪੁਰ ਪਾਕਿਸਤਾਨ ’ਚ ਇਕ ਬੈਠਕ ਹੋਈ ਹੈ।

ਬੀਤੇ ਮਾਰਚ ’ਚ ਵੀ ਵੱਖ-ਵੱਖ ਖੁਫੀਆ ਏਜੰਸੀਆਂ ਨੂੰ ਇਨਪੁਟ ਮਿਲੇ ਸਨ ਕਿ ਅੱਤਵਾਦੀ ਜੰਮੂ-ਕਸ਼ਮੀਰ ’ਚ ਕੁਝ ਸਨਸਨੀਖੇਜ਼ ਹਮਲੇ ਕਰਨ ਵਾਲੇ ਹਨ। ਇਨ੍ਹਾਂ ਹਮਲਿਆਂ ’ਚ ਇਕ ਸੈਲਾਨੀਆਂ ਅਤੇ ਘੱਟਗਿਣਤੀਆਂ ’ਤੇ ਹੋਵੇਗਾ। ਸੁਰੱਖਿਆ ਏਜੰਸੀਆਂ ਨੇ ਇਸ ਇਨਪੁਟ ਦੀ ਸਮੀਖਿਆ ਕੀਤਾ ਅਤੇ ਉਨ੍ਹਾਂ ਨੂੰ ਲੱਗਾ ਕਿ ਇਸ ਤਰ੍ਹਾਂ ਦਾ ਹਮਲਾ ਜੂਨ-ਜੁਲਾਈ ਜਾਂ ਫਿਰ ਅਮਰਨਾਥ ਯਾਤਰਾ ਦੌਰਾਨ ਹੋ ਸਕਦਾ ਹੈ। ਉਨ੍ਹਾਂ ਨੇ ਸੈਲਾਨੀਆਂ ਦੀ ਆਮਦ ਦੇ ਆਧਾਰ ’ਤੇ ਕੁਝ ਇਲਾਕਿਆਂ ਨੂੰ ਪਛਾਣਿਆ ਪਰ ਬੈਸਰਨ ਨੂੰ ਭੁੱਲ ਗਏ। ਏਜੰਸੀਆਂ ਨੇ ਪਹਿਲਗਾਮ, ਯੰਨਰ, ਸ਼ੋਪੀਆਂ, ਗੁਲਮਰਗ, ਸੋਨਮਰਗ ਅਤੇ ਸ੍ਰੀਨਗਰ ਦੇ ਕੁਝ ਸਥਾਨਾਂ ਨੂੰ ਪਛਾਣ ਕੇ ਸੁਰੱਖਿਆ ਪ੍ਰਬੰਧ ਵੀ ਕੀਤੇ ਸਨ।

ਘੁਸਪੈਠ ਦੀਆਂ ਘਟਨਾਵਾਂ ਵਧ ਸਕਦੀਆਂ

ਰੱਖਿਆ ਮਾਮਲਿਆਂ ਦੇ ਜਾਣਕਾਰ ਡਾ. ਅਜੈ ਚੰਰਗੂ ਨੇ ਕਿਹਾ ਕਿ ਸੈਰ-ਸਪਾਟਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਸ੍ਰੀ ਅਮਰਨਾਥ ਯਾਤਰਾ ਸ਼ੁਰੂ ਹੋਣ ਵਾਲੀ ਹੈ। ਇਨ੍ਹਾਂ ਸਾਰਿਆਂ ਵਿਚਾਲੇ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਦੀਆਂ ਘਟਨਾਵਾਂ ਲਗਾਤਾਰ ਵਧਣ ਦੀ ਪੁਸ਼ਟੀ ਹੋ ਰਹੀ ਹੈ। ਹਮਾਸ ਦੇ ਨਾਲ ਲਸ਼ਕਰ, ਜੈਸ਼ ਤੇ ਹੋਰ ਅੱਤਵਾਦੀ ਸੰਗਠਨਾਂ ਦਾ ਗੱਠਜੋੜ ਦੇਖ ਕੇ ਸੁਰੱਖਿਆ ਗ੍ਰਿਡ ਮਜ਼ਬੂਤ ਕਰਨਾ ਚਾਹੀਦਾ ਸੀ। ਏਜੰਸੀਆਂ ਉਨ੍ਹਾਂ ਜਗ੍ਹਾ ’ਤੇ ਫੋਕਸ ਕਰਕੇ ਬੈਠੀਆਂ ਰਹੀਆਂ, ਜੋ ਮਸ਼ਹੂਰ ਸਨ ਅਤੇ ਅੱਤਵਾਦੀਆਂ ਨੇ ਇਸੇ ਗਲਤੀ ਦਾ ਫਾਇਦਾ ਉਠਾਇਆ।

ਸੁਰੱਖਿਆ ਪ੍ਰਣਾਲੀ ਦੀ ਨਾਕਾਮੀ

ਕਸ਼ਮੀਰ ਮਾਮਲਿਆਂ ਦੇ ਇਕ ਹੋਰ ਜਾਣਕਾਰ ਸਲੀਮ ਰੇਸ਼ੀ ਨੇ ਕਿਹਾ ਕਿ ਇਹ ਹਮਲਾ ਸੁਰੱਖਿਆ ਪ੍ਰਣਾਲੀ ਦੀ ਨਾਕਾਮੀ ਦਾ ਹੈ। ਲਗਾਤਾਰ ਇਨਪੁਟ ਮਿਲਦੇ ਰਹੇ ਹਨ ਕਿ ਅੱਤਵਾਦੀ ਕੁਝ ਵੱਡਾ ਕਰਨ ਜਾ ਰਹੇ ਹਨ ਅਤੇ ਇਹ ਹਾਲਾਤ ਕਾਬੂ ਹੋਣ ਦਾ ਦਾਅਵਾ ਕਰਦੇ ਰਹੇ ਹਨ। ਬੀਤੇ ਦੋ ਸਾਲਾਂ ਦੌਰਾਨ ਪਾਕਿਸਤਾਨੀ ਫੌਜ ਅਤੇ ਉਸ ਦੀ ਖੁਫੀਆ ਏਜੰਸੀ ਆਈਐੱਸਆਈ ਹੌਲੀ-ਹੌਲੀ ਅੱਤਵਾਦੀ ਸੰਗਠਨਾਂ ਨੂੰ ਮੁੜ ਖੜ੍ਹਾ ਕਰਨ ’ਚ ਲੱਗੀ ਹੈ।

Leave a Reply

Your email address will not be published. Required fields are marked *