Pahalgam Terror Attack: ਕਸ਼ਮੀਰ ਵਿਚ ਖੌਫ਼, ਗੁੱਸੇ ਤੇ ਬੇਚੈਨੀ ਵਿਚਾਲੇ ਅਮਨ ਦੀ ਆਸ ਵੀ

Pahalgam Terror Attack: ਪੁਣੇ ਵਾਸੀ ਰਸ਼ਮੀ ਸੋਨਾਰਕਰ ਤੇ ਉਨ੍ਹਾਂ ਦਾ ਪਰਿਵਾਰ ਬੁੱਧਵਾਰ ਦੁਪਹਿਰੇ ਬੁਲੇਵਾਰਡ ਰੋਡ ’ਤੇ ਚਹਿਲਕਦਮੀ ਕਰਦਿਆਂ ਮਸ਼ਹੂਰ ਡਲ ਝੀਲ ਦੀ ਖ਼ੂਬਸੂਰਤੀ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਕਸ਼ਮੀਰ ਵਿਚ ਪਿਛਲੇ 12 ਘੰਟਿਆਂ ਵਿਚ ਵਾਪਰੀਆਂ ਘਟਨਾਵਾਂ ਉਨ੍ਹਾਂ ਨੂੰ ਬੇਚੈਨ ਕਰ ਰਹੀਆਂ ਹਨ। ਇਥੋਂ ਮਹਿਜ਼ 100 ਕਿਲੋਮੀਟਰ ਦੂਰ ਪਹਿਲਗਾਮ ਵਿਚ 26 ਸੈਲਾਨੀਆਂ ਦੀ ਹੱਤਿਆ ਨੇ ਉਨ੍ਹਾਂ ਦੇ ਦਿਮਾਗ ’ਤੇ ਡੂੰਘਾ ਅਸਰ ਪਾਇਆ ਹੈ।

ਉਨ੍ਹਾਂ ਕਿਹਾ, ‘‘ਲੰਘੇ ਦਿਨ ਅਸੀਂ ਪਹਿਲਗਾਮ ਜਾਣਾ ਸੀ, ਪਰ ਅਸੀਂ ਟਿਊਲਿਪ ਗਾਰਡਨ ਜਾਣ ਦਾ ਫੈਸਲਾ ਕੀਤਾ। ਇਹ ਗੱਲ ਧੁਰ ਅੰਦਰ ਤੱਕ ਕਾਂਬਾ ਛੇੜਦੀ ਹੈ ਕਿ ਅਸੀਂ ਉਥੇ ਜਾਣ ਦੀਆਂ ਯੋਜਨਾਵਾਂ ਘੜ ਰਹੇ ਸੀ, ਜਿੱਥੇ ਅਤਿਵਾਦੀਆਂ ਨੇ ਬੇਗੁਨਾਹ ਲੋਕਾਂ ਦੀ ਹੱਤਿਆ ਕੀਤੀ।’’ ਇਸ ਦੇ ਬਾਵਜੂਦ ਪਰਿਵਾਰ ਨੇ ਹਾਲ ਦੀ ਘੜੀ ਇਥੇ ਹੀ ਰਹਿਣ ਦਾ ਫੈਸਲਾ ਕੀਤਾ ਹੈ। ਸੋਨਾਰਕਰ ਪਰਿਵਾਰ ਕਸ਼ਮੀਰ ਦੀ ਇਕ ਹਫ਼ਤੇ ਦੀ ਯਾਤਰਾ ’ਤੇ ਹੈ।

ਰਸ਼ਮੀ ਦੇ ਪਤੀ ਨੇ ਕਿਹਾ, ‘‘ਸਾਨੂੰ ਪਤਾ ਹੈ ਕਿ ਸੁਰੱਖਿਆ ਬਲ ਹਾਲਾਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਸਰਕਾਰ ਸੈਲਾਨੀਆਂ ਦੀ ਸੁਰੱਖਿਆ ਲਈ ਹਰ ਸੰਭਵ ਕੋੋਸ਼ਿਸ਼ ਕਰ ਰਹੀ ਹੈ ਤੇ ਸਭ ਤੋਂ ਵੱਧ ਆਮ ਕਸ਼ਮੀਰੀਆਂ ਦਾ ਵਿਹਾਰ ਚੰਗਾ ਹੈ। ਪਰ ਜਿਸ ਬੇਰਹਿਮੀ ਨਾਲ ਬੇਗੁਨਾਹਾਂ ਨੂੰ ਮਾਰਿਆ ਗਿਆ, ਉਹ ਸਾਡੇ ਦਿਮਾਗ ’ਚੋਂ ਨਹੀਂ ਨਿਕਲ ਰਿਹੈ।’’ ਹਾਲੀਆ ਮਹੀਨਿਆਂ ਵਿਚ ਕਸ਼ਮੀਰ ਵਿਚ ਸੈਰ-ਸਪਾਟੇ ਦਾ ਗ੍ਰਾ਼ਫ਼ ਤੇਜ਼ੀ ਨਾਲ ਚੜ੍ਹਿਆ ਹੈ। ਟਿਊਲਿਪ ਗਾਰਡਨ ਖੁੱਲ੍ਹਣ ਨਾਲ ਖਿੱਚ ਵਧੀ ਹੈ। ਪਰ ਪਹਿਲਗਾਮ ਹੱਤਿਆ ਕਾਂਡ ਸੈਰ-ਸਪਾਟੇ ਨਾਲ ਜੁੜੇ ਲੋਕਾਂ ਲਈ ਬੁਰਾ ਸੁਪਨਾ ਲੈ ਕੇ ਆਇਆ ਹੈ।

ਬੁਲੇਵਾਰਡ ਰੋਡ ਸਥਿਤ ਹੋਟਲ ਦੇ ਮੈਨੇਜਰ ਨੇ ਕਿਹਾ, ‘‘ਮਹਿਜ਼ 12 ਘੰਟਿਆਂ ਵਿਚ ਸਭ ਕੁਝ ਬਦਲ ਗਿਆ। ਕੱਲ੍ਹ ਦੁਪਹਿਰ ਤੱਕ ਹਰ ਪਾਸੇ ਉਤਸ਼ਾਹ ਸੀ। ਬੇਗੁਨਾਹਾਂ ਦੀ ਹੱਤਿਆ ਨੇ ਹਰੇਕ ਕਸ਼ਮੀਰੀ ਦੇ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੈਲਾਨੀਆਂ ਦਾ ਭਰੋਸਾ ਬਹਾਲ ਕਰਨ ਵਿਚ ਬਹੁਤ ਸਮਾਂ ਲੱਗੇਗਾ।’’ ਹੱਤਿਆ ਕਾਂਡ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨਾ ਸਿਰਫ਼ ਸੈਲਾਨੀਆਂ ਬਲਕਿ ਮੁਕਾਮੀ ਲੋਕਾਂ ਨੂੰ ਵੀ ਪ੍ਰੇਸ਼ਾਨ ਕਰ ਰਹੀਆਂ ਹਨ।

ਸ਼ਿਕਾਰਾਵਾਲਾ ਯੂੁਸੁਫ਼ ਨੇ ਕਿਹਾ, ‘‘ਕੋਈ ਵੀ ਇਨਸਾਨ ਇੰਨੀ ਦਰਿੰਦਗੀ ਨਹੀਂ ਕਰ ਸਕਦਾ।’’ ਪਹਿਲਗਾਮ ਦੇ ਪੀੜਤਾਂ ਨਾਲ ਇਕਜੁੱਟਤਾ ਦਿਖਾਉਣ ਲਈ ਬੁੱਧਵਾਰ ਨੂੰ ਸ੍ਰੀਨਗਰ ਬੰਦ ਰਿਹਾ। ਹੱਤਿਆ ਕਾਂਡ ਮਗਰੋਂ ਵਾਦੀ ਵਿਚ ਬੇਚੈਨ ਕਰਨ ਵਾਲੀ ਸ਼ਾਂਤੀ ਹੈ, ਪਰ ਕੁਝ ਲੋਕ ਆਸ਼ਾਵਾਦੀ ਬਣੇ ਹੋਏ ਹਨ।

ਆਸਟਰੇਲੀਆ ਵਿਚ ਕੰਮ ਕਰਨ ਵਾਲੇ ਨੌਜਵਾਨ ਜੋੜੇ ਨੇ ਬੁੱਧਵਾਰ ਨੂੰ ਸ੍ਰੀਨਗਰ ਪੁੱਜਣ ’ਤੇ ਆਪਣੀ ਕਸ਼ਮੀਰ ਯਾਤਰਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਪਤੀ ਨੇ ਕਿਹਾ, ‘‘ਸਾਡੇ ਪਰਿਵਾਰ ਵਾਲੇ ਇਸ ਯਾਤਰਾ ਦੇ ਸਖ਼ਤ ਖਿਲਾਫ਼ ਸਨ, ਪਰ ਅਸੀਂ ਇਸ ਨੂੰ ਰੱਦ ਨਾ ਕਰਨ ਦਾ ਫੈਸਲਾ ਕੀਤਾ। ਉਮੀਦ ਹੈ ਕਿ ਸ਼ਾਂਤੀ ਬਹਾਲ ਹੋਵੇਗੀ।’’ ਗੁਲਮਰਗ ਵੱਲ ਵੱਧ ਰਹੇ ਇਸ ਜੋੜੇ ਨੂੰ ਜਦੋਂ ਪੁੱਛਿਆ ਕਿ ਕੀ ਪਹਿਲਗਾਮ ਜਾਣ ਦਾ ਵੀ ਪ੍ਰੋਗਰਾਮ ਹੈ, ਤਾਂ ਉਨ੍ਹਾਂ ਤਣਾਅ ਵਾਲੀ ਮੁਸਕਾਨ ਨਾਲ ਕਿਹਾ, ‘ਕਿਉਂ ਨਹੀਂ’।

Leave a Reply

Your email address will not be published. Required fields are marked *