ਸਪੋਰਟਸ ਡੈਸਕ- ਮੰਗਲਵਾਰ ਨੂੰ ਕਸ਼ਮੀਰ ਦੇ ਪਹਿਲਗਾਮ ‘ਚ ਅੱਤਵਾਦੀਆਂ ਵਲੋਂ ਮਾਰੇ ਗਏ ਬੇਕਸੂਰ ਭਾਰਤੀ ਨਾਗਰਿਕਾਂ ਦੇ ਸੋਗ ‘ਚ ਸਾਰਾ ਦੇਸ਼ ਡੁੱਬਾ ਹੋਇਆ ਹੈ। ਇਸ ਗਮ ਦੇ ਮਾਹੌਲ ‘ਚ ਹਰ ਕਿਸੇ ਦੀਆਂ ਅੱਖਾਂ ਨਮ ਹਨ। ਇਸੇ ਨੂੰ ਦੇਖਦੇ ਹੋਏ ਅੱਜ ਬੁੱਧਵਾਰ ਹੈਦਰਾਬਾਦ ਤੇ ਮੁੰਬਈ ਵਿਚਾਲੇ ਖੇਡੇ ਜਾਣ ਵਾਲੇ ਆਈਪੀਐੱਲ ਦੇ 41 ਮੈਚ ਨਾਲ ਸਬੰਧਤ ਕੁਝ ਐਲਾਨ ਕੀਤੇ ਗਏ ਹਨ।
ਇਸ ਅਨੁਸਾਰ ਪਹਿਲਗਾਮ ਹਮਲੇ ਦੇ ਸੋਗ ‘ਚ ਅੱਜ ਦੇ ਮੈਚ ‘ਚ ਖਿਡਾਰੀ ਤੇ ਅੰਪਾਇਰ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹਣਗੇ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਕ ਮਿੰਟ ਦਾ ਮੌਨ ਰਖਿਆ ਜਾਵੇਗਾ। ਮੈਚ ਦੌਰਾਨ ਚੀਅਰ ਲੀਡਰਸ ਜਸ਼ਨ ਨਹੀਂ ਮਨਾਉਣਗੀਆਂ। ਅੱਜ ਦੇ ਮੈਚ ਦੌਰਾਨ ਆਤਿਸ਼ਬਾਜ਼ੀ ਨਹੀਂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ ‘ਚ ਇਕ ਪ੍ਰਮੁੱਖ ਸੈਰ-ਸਪਾਟਾ ਵਾਲੀ ਥਾਂ ‘ਤੇ ਮੰਗਲਵਾਰ ਨੂੰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿਚ 30 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਮਾਰੇ ਗਏ ਲੋਕਾਂ ਵਿਚ ਜ਼ਿਆਦਾਤਰ ਸੈਲਾਨੀਆਂ ਸਨ ਅਤੇ ਕਈ ਹੋਰ ਜ਼ਖ਼ਮੀ ਹੋ ਗਏ।