ਜਲੰਧਰ – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਿਰੋਧੀ ਧਿਰ ਦੀ ਆਵਾਜ਼ ਨੂੰ ਬੰਦ ਕਰਨ ਦੇ ਵਿਰੋਧ ਵਿਚ ਬੀਤੀ ਸ਼ਾਮ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਸੰਸਦ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨੇ ’ਤੇ ਬੈਠ ਗਏ। ਉਨ੍ਹਾਂ ਨਾਲ ਵਿਰੋਧੀ ਧਿਰ ਦੇ ਹੋਰ ਆਗੂ ਵੀ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਜਦੋਂ 1964 ਵਿਚ ਦੇਸ਼ ਦੀ ਵਾਗਡੋਰ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਹੱਥਾਂ ਵਿਚ ਸੀ ਤਾਂ ਦੱਖਣੀ ਭਾਰਤ ਵਿਚ ਹੋਏ ਰੇਲ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਡਾ. ਮਨਮੋਹਨ ਸਿੰਘ ਦੇ ਹੱਥਾਂ ’ਚ ਦੇਸ਼ ਦੀ ਵਾਗਡੋਰ ਸੀ ਤਾਂ ਮੁੰਬਈ ਵਿਚ ਅੱਤਵਾਦੀ ਹਮਲਾ ਹੋਇਆ ਸੀ। ਉਸ ਸਮੇਂ ਵੀ ਡਾ. ਮਨਮੋਹਨ ਸਿੰਘ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਹੁਣ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ। ਸੰਸਦ ਦੇ ਅੰਦਰ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਗ੍ਰਹਿ ਮੰਤਰੀ ਨੇ ਕੋਈ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਸੰਸਦ ਵਿਚ ਆ ਕੇ ਆਪਣਾ ਜਵਾਬ ਦਿੰਦੇ ਹੁੰਦੇ ਸਨ ਅਤੇ ਵਿਰੋਧੀ ਧਿਰ ਨੂੰ ਸੰਤੁਸ਼ਟ ਕਰਦੇ ਹੁੰਦੇ ਸਨ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸਦਨ ਨੂੰ ਚਲਾਉਣ ਦੇ ਹੱਕ ਵਿਚ ਹੈ ਕਿਉਂਕਿ ਇਸ ’ਤੇ ਕਰੋੜਾਂ ਰੁਪਏ ਖ਼ਰਚ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮਣੀਪੁਰ ਵਿਚ ਔਰਤਾਂ ਨਾਲ ਛੇੜਖਾਨੀ ਹੋ ਰਹੀ ਹੈ, ਉਦੋਂ ਤੋਂ ਕੇਂਦਰ ਸਰਕਾਰ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੌਨ ਵਰਤ ਰੱਖਿਆ ਹੋਇਆ ਹੈ।
ਸੁਸ਼ੀਲ ਰਿੰਕੂ ਨੇ ਕਿਹਾ ਕਿ ਮਣੀਪੁਰ ਵਿਚ ਰਾਜ ਅਤੇ ਕੇਂਦਰ ਸਰਕਾਰ ਦੀਆਂ ਅਸਫ਼ਲਤਾਵਾਂ ’ਤੇ ਚਰਚਾ ਕਰਨ ਲਈ ਨਿਯਮ 267 ਦੇ ਤਹਿਤ ਕਾਰੋਬਾਰੀ ਮੁਅੱਤਲ ਨੋਟਿਸ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੂੰ ਇਸ ਲਈ ਮੁਅੱਤਲ ਕੀਤਾ ਗਿਆ ਕਿਉਂਕਿ ਉਹ ਸਦਨ ਵਿਚ ਚਰਚਾ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨੇ ’ਤੇ ਬੈਠਣ ਦਾ ਮਕਸਦ ਇਹ ਹੈ ਕਿ ਦੇਸ਼ ਵਾਸੀ ਜਾਣ ਸਕਣ ਕਿ ਦੇਸ਼ ’ਚ ਕਿਸ ਤਰ੍ਹਾਂ ਤਾਨਾਸ਼ਾਹੀ ਸਰਕਾਰ ਚੱਲ ਰਹੀ ਹੈ। ਅੱਜ ਰਾਸ਼ਟਰ ਪਿਤਾ ਦੀ ਆਤਮਾ ਨੂੰ ਵੀ ਸੱਟ ਪਹੁੰਚ ਰਹੀ ਹੋਵੇਗੀ।