ਚੰਡੀਗੜ੍ਹ, 29 ਸਤੰਬਰ (ਦਲਜੀਤ ਸਿੰਘ)- ਨਵਜੋਤ ਸਿੱਧੂ ਵਲੋਂ ਪੰਜਾਬ ਇਕਾਈ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸੂਬਾ ਕਾਂਗਰਸ ਵਿਚ ਪੈਦਾ ਹੋਏ ਹਾਲਾਤ ’ਤੇ ਵਿਰੋਧੀਆਂ ਵਲੋਂ ਵੀ ਹਮਲੇ ਬੋਲੇ ਜਾ ਰਹੇ ਹਨ। ਇਸ ਮੌਕੇ ਪੰਜਾਬ ਦੌਰੇ ’ਤੇ ਆਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਿਚ ਸਰਕਾਰ ਦਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ। ਅੱਜ ਪੰਜਾਬ ਵਿਚ ਅਸਥਿਰਤਾ ਦਾ ਮਾਹੌਲ ਹੈ ਪਰ ਚਾਰ ਮਹੀਨੇ ਬਾਅਦ ਆਮ ਆਦਮੀ ਪਾਰਟੀ ਪੰਜਾਬ ਨੂੰ ਇਕ ਸਥਿਰ ਅਤੇ ਸਾਫ ਸੁਥਰੀ ਸਰਕਾਰ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚੰਨੀ ਸਰਕਾਰ ਤੋਂ ਪੰਜ ਚੀਜ਼ਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸ਼ ਲੱਗ ਰਹੇ ਹਨ ਕਿ ਕਾਂਗਰਸ ਨੇ ਮੰਤਰੀ ਮੰਡਲ ਵਿਚ ਦਾਗੀ ਮੰਤਰੀਆਂ ਨੂੰ ਸ਼ਾਮਲ ਕੀਤਾ ਹੈ ਅਤੇ ਦਾਗੀ ਅਫਸਰਾਂ ਨੂੰ ਉੱਚੀਆਂ ਪੋਸਟਾਂ ਦਿੱਤੀਆਂ ਹਨ। ਪਹਿਲਾਂ ਮੁੱਖ ਮੰਤਰੀ ਚਰਨਜੀਤ ਚੰਨੀ ਇਨ੍ਹਾਂ ਦਾਗੀ ਮੰਤਰੀਆਂ, ਅਫ਼ਸਰਾਂ ਅਤੇ ਵਿਧਾਇਕਾਂ ਨੂੰ ਤੁਰੰਤ ਹਟਾਉਣ ਅਤੇ ਇਨ੍ਹਾਂ ’ਤੇ ਪਰਚੇ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਬਰਗਾੜੀ ਕਾਂਡ ਨੂੰ ਲੈ ਕੇ ਪੂਰਾ ਪੰਜਾਬ ਖਫ਼ਾ ਹੈ ਅਤੇ ਜਨਤਾ ਚਾਹੁੰਦੀ ਹੈ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਮਾਸਟਮਾਈਂਡ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾਕਿ ਮਾਸਟਰਮਾਈਂਡ ਕੌਣ ਹੈ ਇਹ ਸਭ ਨੂੰ ਪਤਾ ਹੈ। ਕੇਜਰੀਵਾਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਵਿਚ ਸਭ ਸਾਫ ਹੈ, ਮੁੱਖ ਮੰਤਰੀ ਚਰਨਜੀਤ ਚੰਨੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ। ਕੇਜਰੀਵਾਲ ਨੇ ਕਿਹਾ ਕਿ ਚੰਨੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਸਾਰੇ ਵਾਅਦੇ ਪੂਰੇ ਕਰੇ ਜਾਂ ਫਿਰ ਸਪੱਸ਼ਟ ਆਖਣ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਵਾਅਦੇ ਕੀਤੇ ਸਨ ਉਹ ਝੂਠ ਸਨ। ਚੰਨੀ ਸਰਕਾਰ ਬੇਰੁਜ਼ਗਾਰਾਂ ਨੂੰ ਭੱਤਾ ਜਾਰੀ ਕਰੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜਦੋਂ ਤਕ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਉਦੋਂ ਤਕ ਬੇਰੁਜ਼ਗਾਰੀ ਭੱਤੀ ਦਿੱਤਾ ਜਾਵੇਗਾ ਲਿਹਾਜ਼ਾ ਇਕ ਹਫਤੇ ਵਿਚ ਚੰਨੀ ਸਰਕਾਰ ਬੇਰੁਜ਼ਗਾਰੀ ਭੱਤਾ ਜਾਰੀ ਕਰੇ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਕਿ ਕਾਂਗਰਸ ਸਰਕਾਰ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰੇਗੀ, ਲਿਹਾਜ਼ਾ ਹੁਣ ਚੰਨੀ ਸਰਕਾਰ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕਰੇ। ਇਸ ਤੋਂ ਇਲਾਵਾ ਮੁੱਖ ਮੰਤਰੀ ਬਿਜਲੀ ਸਮਝੌਤੇ ਵੀ ਰੱਦ ਕਰਨ। ਕੇਜਰੀਵਾਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਕੋਲ ਅਜੇ ਵੀ ਚਾਰ ਮਹੀਨਿਆਂ ਦਾ ਸਮਾਂ ਹੈ ਅਤੇ ਇੰਨੇ ਸਮੇਂ ਵਿਚ ਬਹੁਤ ਕੁੱਝ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਕੋਲ ਸਿਰਫ 49 ਦਿਨ ਸਨ ਅਤੇ ਉਨ੍ਹਾਂ ਇੰਨੇ ਘੱਟ ਸਮੇਂ ਵਿਚ ਹੀ ਬਿਜਲੀ ਸਸਤੀ ਕੀਤੀ, ਪਾਣੀ ਮੁਫ਼ਤ ਕਰ ਦਿੱਤਾ ਅਤੇ ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦਿੱਤਾ ਸੀ। ਇਸ ਦੌਰਾਨ ਜਦੋਂ ਕੇਜਰੀਵਾਲ ਤੋਂ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਸੰਬੰਧੀ ਸਵਾਲ ਕੀਤਾ ਗਿਆ ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਅਜਿਹਾ ਮੁੱਖ ਮੰਤਰੀ ਦੇਣਗੇ ਜਿਸ ’ਤੇ ਸਾਰਿਆਂ ਨੂੰ ਮਾਣ ਹੋਵੇਗਾ।