ਕਰਨਾਲ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਦੇ ਸੁਪ੍ਰੀਮੋ ਅਤੇ ਸੰਗਰੂਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਉਹ ਛੋਟੀ ਅਤੇ ਵੱਡੀ ਕਿਰਪਾਨ ਲੈ ਕੇ ਸੰਸਦ ਵਿਚ ਸਹੁੰ ਚੁੱਕਣ ਜਾਣਗੇ। ਜੇਕਰ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਤਾਂ ਉਹ ਪਿਛਲੀ ਵਾਰ ਵਾਂਗ ਸਹੁੰ ਨਹੀਂ ਚੁੱਕਣਗੇ। ਉਨ੍ਹਾਂ ਕਾਂਗਰਸ ਅਤੇ ਭਾਜਪਾ ਦੇ ਦੇਸ਼ ਪ੍ਰੇਮ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਕ ਪੀ. ਐੱਮ. ਨੇ ਚੀਨ ਨੂੰ ਕਈ ਹਜ਼ਾਰ ਕਿਲੋਮੀਟਰ ਦਾ ਖੇਤਰ ਦੇ ਦਿੱਤਾ। ਹੁਣ 2020 ਵਿਚ ਭਾਜਪਾ ਦੇ ਪੀ. ਐੱਮ. ਨੇ ਚੀਨ ਨੂੰ ਵੱਡਾ ਭੂ-ਭਾਗ ਦੇ ਦਿੱਤਾ। ਕਾਂਗਰਸ ਦੇ ਪੀ. ਐੱਮ. ਨੇ ਪਾਕਿਸਤਾਨ ਨੂੰ ਅੱਧਾ ਕਸ਼ਮੀਰ ਦੇ ਦਿੱਤਾ।
ਅਜਿਹੇ ਵਿਚ ਇਹ ਦੇਸ਼ ਭਗਤ ਕਿਥੋਂ ਹੋ ਗਏ। ਸਿਮਰਨਜੀਤ ਸਿੰਘ ਮਾਨ ਬੀਤੇ ਦਿਨ ਦਿੱਲੀ ਜਾਂਦੇ ਸਮੇਂ ਐੱਨ. ਐੱਚ.-44 ’ਤੇ ਕਰਨਾਲ ਸਥਿਤ ਇਕ ਹੋਟਲ ਵਿਚ ਪੱਤਰਕਾਰਾਂ ਨਾਲ ਰੂ-ਬ-ਰੂ ਹੋਏ। ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਵਿਰਕ ਦੇ ਨਾਲ ਸੈਂਕੜੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਦੀ ਆਨ-ਬਾਨ-ਸ਼ਾਨ ਦੀ ਲੜਾਈ ਆਖ਼ਰੀ ਸਾਹ ਤੱਕ ਲੜਦੇ ਰਹਿਣਗੇ।