ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਨਿੱਚਰਵਾਰ ਨੂੰ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ੍ਰੀ ਬੈਂਸ ਨੇ ਕੇਂਦਰੀ ਮੰਤਰੀ ਨਾਲ ਨੰਗਲ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ।
ਸ੍ਰੀ ਬੈਂਸ ਨੇ ਮੰਗ ਕੀਤੀ ਕਿ ਨੰਗਲ ਤੋਂ ਭਾਖੜਾ ਡੈਮ ਤੱਕ ਜਾਣ ਵਾਲੀ ਪੁਰਾਣੀ ਰੇਲਵੇ ਲਾਈਨ ’ਤੇ ਗਲਾਸ ਰੂਫ਼ ਹੈਰੀਟੇਜ ਟਰੇਨ ਸ਼ੁਰੂ ਕੀਤੀ ਜਾਵੇ। ਨੰਗਲ ਝੀਲ ਦੇ ਨੇੜੇ ਸਥਿਤ ਰਿਵਰ ਵਿਊ ਰੋਡ ਦੇ ਨਜ਼ਦੀਕ ਸੁੰਦਰ ਰਿਵਰ ਫਰੰਟ ਉਸਾਰਿਆ ਜਾਵੇ। ਭਾਖੜਾ ਨੰਗਲ ਡੈਮ ਮਿਊਜ਼ੀਅਮ ਦੀ ਉਸਾਰੀ ਕੀਤੀ ਜਾਵੇ। ਇਸ ਤੋਂ ਇਲਾਵਾ ਨੰਗਲ ਵਿਖੇ ਸਿਨੇਮਾ ਘਰ, ਸ਼ਾਪਿੰਗ ਕੰਪਲੈਕਸ ਜ਼ੋਨ ਦੀ ਸਥਾਪਨਾ ਕੀਤੀ ਜਾਵੇ।
ਪੰਜਾਬ ਦੇ ਕੈਬਨਿਟ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਨੰਗਲ ਸ਼ਹਿਰ ਦੇਸ਼ ਦੇ ਸਭ ਤੋਂ ਸੁੰਦਰ ਅਤੇ ਯੋਜਨਾਬੱਧ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਰਿਹਾ ਹੈ ਪਰ ਇਹ ਪਿਛਲੇ ਕੁਝ ਸਮੇਂ ਤੋਂ ਇਸ ਨੂੰ ਅਣਗੌਲਿਆ ਕੀਤਾ ਗਿਆ ਹੈ। ਸ੍ਰੀ ਬੈਂਸ ਨੇ ਮੰਗ ਕੀਤੀ ਕਿ ਨੰਗਲ ਸ਼ਹਿਰ ਨੂੰ ਮੁੜ ਤੋਂ ਵਿਕਸਿਤ ਕੀਤਾ ਜਾਵੇ।