ਐੱਸ ਏ ਐੱਸ ਨਗਰ : ਮਸ਼ਹੂਰ ਗੈਂਗਸਟਰ ਲੌਰੈਂਸ ਬਿਸ਼ਨੋਈ ਦਾ ਜੇਲ੍ਹ ‘ਚ ਇੰਟਰਵਿਊ ਕਰਵਾਏ ਜਾਣ ਦੇ ਮਾਮਲੇ ‘ਚ ਸ਼ੱਕ ਦੇ ਘੇਰੇ ‘ਚ ਆਏ 7 ਪੁਲਿਸ ਮੁਲਾਜ਼ਮਾਂ ਦੇ ਪੋਲੀਗ੍ਰਾਫ ਯਾਨੀ ਝੂਠ ਨੂੰ ਫੜਨ ਵਾਲੇ ਟੈਸਟ ਹੋਣਗੇ। ਇਨ੍ਹਾਂ ਟੈਸਟਾਂ ਦੀ ਮੰਗ ਕਰਦਿਆਂ ਏਜੰਸੀ ਵੱਲੋਂ ਜੂਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਦੀ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਨੂੰ ਮਨਜ਼ੂਰੀ ਮਿਲ ਗਈ ਹੈ।
ਸੂਤਰਾਂ ਅਨੁਸਾਰ ਇਹ ਟੈਸਟ ਅਗਲੇ ਇਕ ਹਫ਼ਤੇ ਦੇ ਅੰਦਰ ਕਰਵਾਏ ਜਾਣ ਦੀ ਸੰਭਾਵਨਾ ਹੈ। ਏਡੀਜੀਪੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨਿਲਭ ਕਿਸ਼ੋਰ ਸਰਕਾਰੀ ਵਕੀਲ ਨਾਲ ਮਿਲ ਕੇ ਅਦਾਲਤ ‘ਚ ਪੇਸ਼ ਹੋਏ। ਉਨ੍ਹਾਂ ਵੱਲੋਂ ਐੱਸ ਆਈ ਜਗਤਪਾਲ ਜਗੂ, ਏਐੱਸਆਈ ਮੁਖ਼ਤਿਆਰ ਸਿੰਘ, ਕਾਂਸਟੇਬਲ ਸਿਮਰਨਜੀਤ ਸਿੰਘ, ਕਾਂਸਟੇਬਲ ਹਰਪ੍ਰੀਤ ਸਿੰਘ, ਕਾਂਸਟੇਬਲ ਬਲਵਿੰਦਰ ਸਿੰਘ, ਕਾਂਸਟੇਬਲ ਸਤਨਾਮ ਸਿੰਘ ਤੇ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਪੋਲੀਗ੍ਰਾਫ ਟੈੱਸਟ ਦੀ ਇਜਾਜ਼ਤ ਮੰਗੀ ਗਈ। ਅਦਾਲਤ ਨੂੰ ਦੱਸਿਆ ਗਿਆ ਕਿ ਇਹ ਸਾਰੇ ਮੁਲਾਜ਼ਮ ਆਪਣੇ ਬਿਆਨ ਦੇ ਚੁੱਕੇ ਹਨ ਅਤੇ ਸਾਇੰਟਿਫਿਕ ਜਾਂਚ (ਪੋਲੀਗ੍ਰਾਫ ਟੈੱਸਟ) ਲਈ ਉਨ੍ਹਾਂ ਦੀ ਸਹਿਮਤੀ ਲੈਣੀ ਜ਼ਰੂਰੀ ਸੀ। ਇਨ੍ਹਾਂ ‘ਚੋਂ ਛੇ ਮੁਲਾਜ਼ਮਾਂ ਨੇ ਟੈੱਸਟ ਲਈ ਸਹਿਮਤੀ ਦੇ ਦਿੱਤੀ ਹੈ, ਜਿਸ ਦਾ ਲਿਖਤੀ ਬਿਆਨ ਵੀ ਦਰਜ ਕਰ ਲਿਆ ਗਿਆ ਹੈ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਇਨਵੈਸਟਿਗੇਸ਼ਨ ਅਫ਼ਸਰ ਨੂੰ ਨਿਯਮਾਂ ਅਨੁਸਾਰ ਟੈੱਸਟ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ।