ਚੰਡੀਗੜ੍ਹ 13 ਮਾਰਚ : ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਭਖਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਕਾਫ਼ਲੇ 17 ਜ਼ਿਲ੍ਹਿਆਂ ਤੋਂ ਸੈਂਕੜੇ ਬੱਸਾਂ ‘ਤੇ ਸਵਾਰ ਹੋ ਕੇ ਕਿਸਾਨ ਮਜ਼ਦੂਰ ਮਹਾਂਪੰਚਾਇਤ ਰਾਮਲੀਲਾ ਮੈਦਾਨ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਕਾਫ਼ਲਿਆਂ ਵਿੱਚ ਸ਼ਾਮਲ ਸੈਂਕੜਿਆਂ ਦੀ ਤਾਦਾਦ ਵਿੱਚ ਔਰਤਾਂ ਸਮੇਤ ਹਜ਼ਾਰਾਂ ਕਿਸਾਨ 14 ਮਾਰਚ ਨੂੰ ਸਵੇਰੇ 10 ਵਜੇ ਰਾਮਲੀਲਾ ਮੈਦਾਨ ਵਿੱਚ ਪਹੁੰਚਣਗੇ। ਕਿਸਾਨ ਮਜ਼ਦੂਰ ਆਪਣੇ ਰਾਸ਼ਨ ਪਾਣੀ ਅਤੇ ਬਿਸਤਰਿਆਂ ਆਦਿ ਦਾ ਪੂਰਾ ਪ੍ਰਬੰਧ ਕਰਕੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਭਖਦੀਆਂ ਕਿਸਾਨੀ ਮੰਗਾਂ ਵਿੱਚ ਐੱਮ ਐੱਸ ਪੀ ਤੋਂ ਇਲਾਵਾ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਸਰਵਜਨਿਕ ਜਨਤਕ ਵੰਡ ਪ੍ਰਣਾਲੀ ਸਮੂਹ ਗਰੀਬਾਂ ਵਾਸਤੇ ਲਾਗੂ ਕਰਨ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਯੋਜਨਾ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਮੋਦੀ ਸਰਕਾਰ ਵੱਲੋਂ ਵਾਅਦਾਖਿਲਾਫੀ ਕਰਕੇ ਮੁੱਕਰੀਆਂ ਸਮੂਹ ਕਿਸਾਨੀ ਮੰਗਾਂ ਤੁਰੰਤ ਮੰਨੇ ਜਾਣ ਤੇ ਲਾਗੂ ਕਰਨ ਦੀ ਮੰਗ ਮੁੱਖ ਹੈ। ਦੂਜੇ ਨੰਬਰ ਤੇ ਸ਼ੁਭਕਰਨ ਸਿੰਘ ਦਾ ਕਤਲ ਕਰਨ ਅਤੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ/ਜਬਾੜ੍ਹੇ ਤੋੜਨ ਲਈ ਜ਼ਿੰਮੇਵਾਰ ਕੇਂਦਰ ਤੇ ਹਰਿਆਣਾ ਦੇ ਗ੍ਰਹਿ ਮੰਤਰੀਆਂ ਅਮਿਤ ਸ਼ਾਹ ਅਤੇ ਅਨਿਲ ਵਿਜ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁੱਧ ਕਤਲ ਕੇਸ ਦਰਜ ਕਰ ਕੇ ਬਰਖਾਸਤ ਕਰਨ ਦੀ ਮੰਗ ਹੈ। ਕਾਲੇ ਖੇਤੀ ਕਾਨੂੰਨਾਂ ਵਿਰੁੱਧ ਜੇਤੂ ਦਿੱਲੀ ਘੋਲ਼ ਅਤੇ ਮੌਜੂਦਾ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਅਤੇ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦਾ ਜਨਤਕ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰਨ ਦੀਆਂ ਭਖਦੀਆਂ ਮੰਗਾਂ ਵੀ ਸ਼ਾਮਲ ਹਨ। ਕਿਸਾਨ ਆਗੂ ਨੇ ਦੱਸਿਆ ਕਿ ਇਹ ਕਿਸਾਨ ਮਜ਼ਦੂਰ ਮਹਾਂਪੰਚਾਇਤ ਹੱਕੀ ਕਿਸਾਨੀ ਮੰਗਾਂ ਨੂੰ ਮੰਨਣ ਤੋਂ ਲਗਾਤਾਰ ਟਾਲਮਟੋਲ ਕਰ ਰਹੀ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਵਿਸ਼ਾਲ ਜਨਤਕ ਚਿਤਾਵਨੀ ਵਜੋਂ ਇੱਕ ਦਿਨ ਲਈ ਹੀ ਕੀਤੀ ਜਾ ਰਹੀ ਹੈ। ਜੇਕਰ ਫ਼ਿਰ ਵੀ ਸਰਕਾਰ ਦਾ ਇਹੀ ਕਿਸਾਨ ਵਿਰੋਧੀ ਵਤੀਰਾ ਜਾਰੀ ਰਿਹਾ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਲਦੀ ਹੀ ਹੋਰ ਤਿੱਖਾ ਅਤੇ ਵਿਸ਼ਾਲ ਘੋਲ਼ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ।