ਚੰਡੀਗੜ੍ਹ, 29 ਸਤੰਬਰ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੇ ਕਲੇਸ਼ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸੰਸਦ ਮੈਂਬਰ ਹੋਣ ਦੇ ਨਾਤੇ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਉਹ ਬਹੁਤ ਦੁਖੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸ਼ਾਂਤੀ ਬੜੀ ਮੁਸ਼ਕਲ ਨਾਲ ਜਿੱਤੀ ਗਈ ਸੀ। ਅੱਤਵਾਦ ਨਾਲ ਲੜਨ ਤੋਂ ਬਾਅਦ ਪੰਜਾਬ ਵਿੱਚ ਸ਼ਾਂਤੀ ਲਿਆਉਣ ਲਈ 25000 ਲੋਕਾਂ ਨੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਾਂਗਰਸੀ ਸਨ, ਉਨ੍ਹਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ। ਮਨੀਸ਼ ਤਿਵਾੜੀ ਨੇ ਇਸ਼ਾਰਿਆਂ ‘ਚ ਸਿੱਧੂ ‘ਤੇ ਵੱਡਾ ਹਮਲਾ ਕੀਤਾ ਹੈ।
ਤਿਵਾੜੀ ਨੇ ਕਿਹਾ ਹੈ ਕਿ ਪਾਕਿਸਤਾਨ ਪੰਜਾਬ ਵਿੱਚ ਵਿਵਾਦ ਨਾਲ ਸਭ ਤੋਂ ਵੱਧ ਖੁਸ਼ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਚਨ ਸੱਚ ਸਾਬਤ ਹੋ ਰਹੇ ਹਨ। ਮਨੀਸ਼ ਤਿਵਾੜੀ ਨੂੰ ਕੈਪਟਨ ਗਰੁੱਪ ਦਾ ਲੀਡਰ ਮੰਨਿਆ ਜਾਂਦਾ ਹੈ। ਸਿੱਧੂ ‘ਤੇ ਨਿਸ਼ਾਨਾ ਸਾਧਦੇ ਹੋਏ ਮਨੀਸ਼ ਤਿਵਾੜੀ ਨੇ ਕਿਹਾ,’ ‘ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਜੋ ਕੁਝ ਹੋਇਆ, ਉਹ ਮੰਦਭਾਗਾ ਸੀ। ਜੇ ਕੋਈ ਪੰਜਾਬ ਦੀ ਅਸਥਿਰਤਾ ਤੋਂ ਖੁਸ਼ ਹੈ ਤਾਂ ਉਹ ਪਾਕਿਸਤਾਨ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਪੰਜਾਬ ਵਿੱਚ ਰਾਜਨੀਤਕ ਅਸਥਿਰਤਾ ਵਧਦੀ ਹੈ, ਤਾਂ ਉਨ੍ਹਾਂ ਨੂੰ ਕਾਲੇ ਮਨਸੂਬੇ ਪੂਰੇ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ।