ਬਰਨਾਲਾ : ਮੁੱਖ ਮੰਤਰੀ ਭਗਵੰਤ ਮਾਨ ਨੇ ਹੋਣ ਵਾਲੀਆਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ‘ਆਪ’ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ‘ਚ ਬਰਨਾਲਾ ਦੇ ਹਲਕਾ ਭਦੌੜ ਵਿਖੇ ਰੋਡ ਸ਼ੋਅ ਕਰ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਦੌੜ ਉਹ ਹਲਕਾ ਹੈ ਜਿਸ ਦਾ ਚਰਚਾ ਪੂਰੇ ਪੰਜਾਬ ਕੀਤੀ ਜਾ ਰਹੀ ਹੈ ਅਤੇ ਸਭ ਇਸ ਦੇ ਨਾਂ ਨੂੰ ਜਾਣਨ ਲੱਗ ਗਏ ਹਨ। ਇਸ ਦਾ ਕਾਰਨ ਇਹ ਹੈ ਕਿ ਇਥੋਂ ਦੇ ‘ਆਪ’ ਵਿਧਾਇਕ ਜੋ ਕਿ ਸਾਧਾਰਨ ਪਰਿਵਾਰ ਤੋਂ ਸਿਆਸਤ ਵਿਚ ਆਇਆ ਹੈ , ਲੋਕਾਂ ਨੇ ਉਸ ਨੂੰ ਬਹੁਤ ਪਿਆਰ ਨਾਲ ਜਤਾਇਆ ਹੈ। ਮੁੱਖ ਮੰਤਰੀ ਮਾਨ ਨੇ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਹੀ 2014 ‘ਚ ਉਨ੍ਹਾਂ ਨੂੰ ਜਿੱਤਾ ਕੇ ਪਾਰਲੀਮੈਂਟ ਭੇਜਿਆ ਸੀ , ਜਿਸ ਦੇ ਸਦਕਾ ਉਨ੍ਹਾਂ ਨੇ ਪਾਰਲੀਮੈਂਟ ‘ਚ ਪੰਜਾਬ ਦੇ ਹੱਕ ‘ਚ ਆਵਾਜ਼ ਚੁੱਕੀ ਸੀ।
ਜਿਸ ਕਾਰਨ ਜਨਤਾ ਨੇ ਉਨ੍ਹਾਂ ਨੂੰ ਪੰਜਾਬ ਦੀ ਆਵਾਜ਼ ਵਜੋਂ ਦੇਖਦਿਆਂ ਇਸ ਮੁਕਾਮ ‘ਤੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦੇ ਪਿਆਰ ਅਤੇ ਸਾਥ ਨੇ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਜਨਤਾ ਦੀ ਜ਼ਿੰਮੇਵਾਰੀ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਮੁੜ ਉਸਾਰੀ ਕੀਤੀ ਜਾਵੇਗੀ ਪਰ ਇਸ ‘ਚ ਸਮਾਂ ਲੱਗੇਗਾ ਕਿਉਂਕਿ ਇਹ 70 ਸਾਲ ਉਲਝੀ ਹੋਈ ਤਾਣੀ ਹੈ। ਜਿਸ ਨੂੰ 2-3 ਮਹੀਨਿਆਂ ‘ਚ ਸੁਲਝਾਇਆ ਨਹੀਂ ਜਾ ਸਕਦਾ।