ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਨਾਮਜ਼ਦ ਜੀਵਨਜੋਤ ਸਿੰਘ ਨੂੰ ਵਿਦੇਸ਼ ਜਾਣ ਦੀ ਤਿਆਰੀ ਤੋਂ ਪਹਿਲਾਂ ਹੀ ਦਿੱਲੀ ਏਅਰਪੋਰਟ ’ਤੇ ਹਿਰਾਸਤ ’ਚ ਲੈ ਲਿਆ ਗਿਆ। ਉਸ ਦੀ ਪੁਲਿਸ ਨੂੰ ਭਾਲ ਸੀ। ਸੂਚਨਾ ਮਿਲਣ ਬਾਅਦ ਮਾਨਸਾ ਪੁਲਿਸ ਦੀ ਟੀਮ ਡੀਐੱਸਪੀ ਦੀ ਅਗਵਾਈ ’ਚ ਦਿੱਲੀ ਰਵਾਨਾ ਹੋ ਗਈ ਹੈ, ਜਿਸ ’ਚ ਦੋ ਇੰਸਪੈਕਟਰ ਰੈਂਕ ਦੇ ਅਧਿਕਾਰੀ ਵੀ ਸਨ। ਜ਼ਿਕਰਯੋਗ ਹੈ ਕਿ 29 ਮਈ 2022 ਦੀ ਸ਼ਾਮ ਨੂੰ ਜ਼ਿਲ੍ਹੇ ਦੇ ਪਿੰਡ ਜਵਾਹਰਕੇ ’ਚ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਥਾਣਾ ਸਿਟੀ-1 ਦੀ ਪੁਲਿਸ ਨੇ ਇਸ ਕੇਸ ’ਚ ਨਾਮਜ਼ਦ ਜੀਵਨਜੋਤ ਸਿੰਘ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਉਸ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰਵਾਇਆ ਗਿਆ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੀਵਨਜੋਤ ਸਿੰਘ ਵਿਦੇਸ਼ ਭੱਜਣ ਦੀ ਫ਼ਿਰਾਕ ’ਚ ਸੀ। ਸੋਮਵਾਰ ਨੂੰ ਦਿੱਲੀ ਏਅਰਪੋਰਟ ’ਤੇ ਉਸ ਨੂੰ ਹਿਰਾਸਤ ’ਚ ਲੈਣ ਬਾਅਦ ਮਾਨਸਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਮੰਗਲਵਾਰ ਨੂੰ ਪੁਲਿਸ ਟੀਮ ਇੱਕ ਟੀਮ ਡੀਐੱਸਪੀ ਦੀ ਅਗਵਾਈ ’ਚ ਦਿੱਲੀ ਰਵਾਨਾ ਹੋ ਗਈ ਹੈ। ਪੁਲਿਸ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕਰਦੇ ਹੋਏ ਉਸ ਦਾ ਰਿਮਾਂਡ ਹਾਸਲ ਕਰੇਗੀ।
ਸਿੱਧੂ ਮੂਸੇਵਾਲਾ ਕਤਲ ਕੇਸ ’ਚ ਮੁਲਜ਼ਮ ਜੀਵਨਜੋਤ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ, ਅਦਾਲਤ ’ਚ ਪੇਸ਼ ਕਰਦਿਆਂ ਪੁਲਿਸ ਹਾਸਲ ਕਰੇਗੀ ਰਿਮਾਂਡ
