ਮੰਡੀ ਅਹਿਮਦਗੜ੍ਹ, ਲੁਧਿਆਣਾ ਜ਼ਿਲ੍ਹੇ ਦੇ ਥਾਣੇ ਅਧੀਨ ਪੈਂਦੇ ਕਰੀਬ ਅੱਧ ਦਰਜਨ ਪਿੰਡਾਂ ਵਿਚ ਨਸ਼ਿਆਂ ਦਾ ਕਾਰੋਬਾਰ ਕਰਦੇ ਸਮਾਜ ਵਿਰੋਧੀ ਅਨਸਰਾਂ ਨੂੰ ਅੱਜ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਸਵਾ ਸੌ ਤੋਂ ਵੱਧ ਪੁਲੀਸ ਮੁਲਾਜ਼ਮਾਂ ਨੇ ਇੱਕੋ ਵੇਲੇ ਵੱਖ ਵੱਖ ਇਲਾਕਿਆਂ ਨੂੰ ਸੀਲ ਕਰਕੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਹਾਲਾਂਕਿ ਅਜੇ ਤੱਕ ਕਾਬੂ ਕੀਤੇ ਮੁਲਜ਼ਮਾਂ ਤੇ ਉਨ੍ਹਾਂ ਕੋਲੋਂ ਬਰਾਮਦ ਨਸ਼ਿਆਂ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਇਸ ਪੂਰੀ ਕਾਰਵਾਈ ਦੀ ਅਗਵਾਈ ਕਰ ਰਹੇ ਅਸਿਸਟੈਂਟ ਕਮਿਸ਼ਨਰ ਪੁਲੀਸ ਹਰਜਿੰਦਰ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਕਰੀਰ ਇੱਕ ਦਰਜਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਨਸ਼ਿਆਂ ਦੀ ਤਸਕਰੀ ਸਬੰਧੀ ਪੜਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਤੋਂ ਮਿਲੀਆਂ ਹਦਾਇਤਾਂ ਮੁਤਾਬਕ ਅੱਜ ਤੜਕਸਾਰ ਪੱਦੀ, ਨੰਗਲ, ਜਰਖੜ, ਖਾਨਪੁਰ, ਖੇੜਾ, ਗੋਪਾਲਪੁਰ , ਮੁਕੰਦਪੁਰ, ਲਹਿਰਾ, ਗੋਪਾਲਪੁਰ ਅਤੇ ਡੋਗਰਾ ਆਦਿ ਪਿੰਡਾਂ ਦੇ ਕੁਝ ਘਰਾਂ ਨੂੰ ਸੀਲ ਕਰਕੇ ਤਲਾਸ਼ੀ ਲਈ ਗਈ ਸੀ।
ਇਸ ਐਕਸ਼ਨ ਦੌਰਾਨ ਤੀਹ ਮਹਿਲਾ ਮੁਲਾਜ਼ਮਾਂ ਸਮੇਤ ਕਰੀਬ ਸਵਾ ਸੌ ਪੁਲੀਸ ਕਰਮੀਆਂ ਦੀਆਂ ਟੀਮਾਂ ਬਣਾ ਕੇ ਪਹਿਲਾਂ ਤਿਆਰ ਕੀਤੀ ਰਣਨੀਤੀ ਅਨੁਸਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰੀ ਨਾਲ ਸਬੰਧਤ ਸਬੂਤ ਮਿਲਣ ਤੋਂ ਬਾਅਦ ਰਸਮੀ ਕੇਸ ਕੀਤੇ ਜਾਣਗੇ।