ਇੱਥੇ ਅੱਜ ਬਾਅਦ ਦੁਪਹਿਰਕਰੀਬ ਦੋ ਵਜੇ ਲਾਲੜੂ ਰੇਲਵੇ ਸਟੇਸ਼ਨ ਨੇੜੇ ਭਾਰਤ ਗੈਸ ਕੰਪਨੀ ਲਈ ਤੇਲ ਲੈ ਕੇ ਜਾ ਰਹੇ ਤਿੰਨ ਤੇਲ ਟੈਂਕਰ ਪਟੜੀ ਤੋਂ ਲੱਥ ਗਏ, ਜਿਸ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਇਹ ਹਾਦਸਾ ਅਪਲਾਈਨ ’ਤੇ ਵਾਪਰਿਆ, ਜਿਸ ਕਾਰਨ ਅੰਬਾਲਾ ਤੋਂ ਚੰਡੀਗੜ੍ਹ ਜਾਣ ਵਾਲੀਆਂ ਕਈ ਰੇਲਗੱਡੀਆਂ ਪ੍ਰਭਾਵਿਤ ਹੋਈਆਂ।
ਜੀਆਰਪੀ ਦੇ ਏਐੱਸਆਈ ਮਨੋਹਰ ਲਾਲ, ਜੋ ਰੇਲਵੇ ਪੁਲੀਸ ਚੌਕੀ ਲਾਲੜੂ ਦੇ ਇੰਚਾਰਜ ਹਨ, ਨੇ ਦੱਸਿਆ ਕਿ ਇਹ ਘਟਨਾ ਦੁਪਹਿਰ 2:00 ਵਜੇ ਦੇ ਕਰੀਬ ਵਾਪਰੀ। ਤੇਲ ਟੈਂਕਰਾਂ ਨੂੰ ਲੈ ਕੇ ਜਾਣ ਵਾਲੀ ਇੱਕ ਮਾਲ ਗੱਡੀ ਲਾਲੜੂ ਰੇਲਵੇ ਸਟੇਸ਼ਨ ਤੋਂ ਭਾਰਤ ਪੈਟਰੋਲੀਅਮ ਡਿਪੂ ਲਈ ਰਵਾਨਾ ਹੋਈ ਸੀ ਪਰ ਥੋੜੀ ਦੂਰੀ ਤੈਅ ਕਰਨ ਤੋਂ ਬਾਅਦ ਇਸ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ ਅਤੇ ਉੱਪਰ ਵੱਲ ਆ ਗਏ।
ਇਸ ਘਟਨਾ ਕਾਰਨ ਰੇਲਵੇ ਟਰੈਕ ’ਤੇ ਤੇਲ ਫੈਲਣ ਦਾ ਖਦਸ਼ਾ ਸੀ, ਜਿਸ ਕਾਰਨ ਰੇਲਵੇ ਪ੍ਰਸ਼ਾਸਨ ਸੁਰੱਖਿਆ ਨੂੰ ਲੈ ਕੇ ਚੌਕਸ ਹੋ ਗਿਆ। ਪਟਿਆਲਾ ਤੋਂ ਇੰਸਪੈਕਟਰ ਜਸਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਹਾਲਾਂਕਿ ਇਹ ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਵੀ ਪੁੱਜ ਗਈਆਂ।
ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਪਟੜੀ ਤੋਂ ਉਤਰੇ ਟੈਂਕਰਾਂ ਨੂੰ ਛੇਤੀ ਤੋਂ ਛੇਤੀ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਰੇਲ ਆਵਾਜਾਈ ਨੂੰ ਆਮ ਵਾਂਗ ਬਹਾਲ ਕੀਤਾ ਜਾ ਸਕੇ। ਇਸ ਘਟਨਾ ਕਾਰਨ ਅੰਬਾਲਾ ਤੋਂ ਚੰਡੀਗੜ੍ਹ ਜਾਣ ਵਾਲੀਆਂ ਕਈ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਅਤੇ ਕੁਝ ਰੇਲਗੱਡੀਆਂ ਨੂੰ ਬਦਲਵੇਂ ਰੂਟਾਂ ਰਾਹੀਂ ਚਲਾਇਆ ਗਿਆ।
ਰੇਲਵੇ ਇੰਜੀਨੀਅਰ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਰੇਲਵੇ ਸੂਤਰਾਂ ਅਨੁਸਾਰ ਟਰੈਕ ਦੀ ਮੁਰੰਮਤ ਵਿੱਚ ਕੁਝ ਘੰਟੇ ਲੱਗ ਸਕਦੇ ਹਨ, ਜਿਸ ਤੋਂ ਬਾਅਦ ਪ੍ਰਭਾਵਿਤ ਰੇਲ ਸੇਵਾਵਾਂ ਆਮ ਹੋ ਜਾਣਗੀਆਂ।
ਇਸ ਘਟਨਾ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਢਲੀ ਜਾਂਚ ਵਿੱਚ ਪਟੜੀਆਂ ਵਿੱਚ ਕਿਸੇ ਤਕਨੀਕੀ ਨੁਕਸ ਜਾਂ ਲਾਪ੍ਰਵਾਹੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।