ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਹੱਤਿਆ ਕਰਨ ਦੀ ਕੋਸ਼ਿਸ਼ ਸਾਬਕਾ ਅੱਤਵਾਦੀ ਨਰਾਇਣ ਸਿੰਘ ਚੌੜਾ ਵੱਲੋਂ ਕੀਤੀ ਗਈ ਸੀ।
ਨਰਾਇਣ ਸਿੰਘ ਚੌੜਾ ਬੱਬਰ ਖਾਲਸਾ ਸੰਗਠਨ ਨਾਲ ਜੁੜਿਆ ਰਿਹਾ ਹੈ ਤੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਬ੍ਰੇਕ ਕਾਂਡ ਦਾ ਵੀ ਮੁਲਜ਼ਮ ਹੈ। ਇਸ ਤੋਂ ਇਲਾਵਾ ਉਸ ‘ਤੇ ਪਾਕਿਸਤਾਨ ਤੋਂ ਵੱਡੀ ਮਾਤਰਾ ‘ਚ ਹਥਿਆਰ ਲਿਆਉਣ ਦਾ ਦੋਸ਼ ਹੈ। ਨਰਾਇਣ ਸਿੰਘ ‘ਤੇ ਦਰਜਨ ਦੇ ਕਰੀਬ ਕੇਸ ਦਰਜ ਹਨ। ਪਾਕਿਸਤਾਨ ‘ਚ ਰਹਿੰਦਿਆਂ ਉਸ ਨੇ ਗੁਰਿੱਲਾ ਯੁੱਧ ਤੇ ਦੇਸ਼ ਧ੍ਰੋਹੀ ਸਾਹਿਤ ‘ਤੇ ਇੱਕ ਕਿਤਾਬ ਵੀ ਲਿਖੀ ਸੀ।
ਨਰਾਇਣ ਸਿੰਘ ‘ਤੇ ਦੋਸ਼ ਇਹ ਹੈ ਕਿ ਸਾਲ 2004 ‘ਚ ਬੁੜੈਲ ਜੇਲ੍ਹ ਤੋੜ ਕੇ ਚਾਰ ਖ਼ਾਲਿਸਤਾਨੀ ਫਰਾਰ ਹੋ ਗਏ ਸਨ। ਚੌੜਾ ਨੇ ਉਸ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ। ਚਾਰੇ ਕੈਦੀ 94 ਫੁੱਟ ਲੰਬੀ ਸੁਰੰਗ ਪੁੱਟ ਕੇ ਜੇਲ੍ਹ ਤੋਂ ਫਰਾਰ ਹੋਏ ਸਨ। ਹਾਲਾਂਕਿ ਬਾਅਦ ‘ਚ ਅਦਾਲਤ ਨੇ ਇਸ ਮਾਮਲੇ ‘ਚ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਲੰਮਾ ਸਮਾਂ ਜੇਲ੍ਹ ‘ਚ ਰਹਿਣ ਤੋਂ ਬਾਅਦ ਨਰਾਇਣ ਸਿੰਘ ਚੌੜਾ ਜ਼ਮਾਨਤ ’ਤੇ ਬਾਹਰ ਆਇਆ ਸੀ। ਉਹ ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਪੰਜ ਸਾਲ ਰਿਹਾ। ਉਸ ਨੂੰ 28 ਫਰਵਰੀ 2013 ਨੂੰ ਤਰਨਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਸੇ ਦਿਨ ਉਸ ਦੇ ਸਾਥੀ ਸੁਖਦੇਵ ਸਿੰਘ ਤੇ ਗੁਰਿੰਦਰ ਸਿੰਘ ਨੂੰ ਵੀ ਫੜ ਲਿਆ ਗਿਆ ਸੀ। ਉਸ ਤੋਂ ਪੁੱਛਗਿੱਛ ਦੇ ਆਧਾਰ ‘ਤੇ ਪੁਲਿਸ ਨੇ ਫਿਰ ਮੁਹਾਲੀ ਜ਼ਿਲ੍ਹੇ ਦੇ ਪਿੰਡ ਕੁਰਾਲੀ ‘ਚ ਇੱਕ ਛੁਪਣਗਾਹ ‘ਤੇ ਛਾਪਾ ਮਾਰਿਆ ਤੇ ਮੌਕੇ ‘ਤੇ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜ਼ਖੀਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।
ਨਾਰਾਇਣ ਸਿੰਘ ਚੌੜਾ ਖ਼ਿਲਾਫ਼ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ‘ਚ ਐਕਸਪਲੋਸਿਵ ਐਕਟ ਤਹਿਤ ਕੇਸ ਦਰਜ ਹੈ। ਉਹ ਅੰਮ੍ਰਿਤਸਰ, ਤਰਨਤਾਰਨ ਤੇ ਰੋਪੜ ਜ਼ਿਲ੍ਹਿਆਂ ‘ਚ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਕੇਸਾਂ ‘ਚ ਵੀ ਦੋਸ਼ੀ ਹੈ। ਨਰਾਇਣ 1984 ‘ਚ ਪਾਕਿਸਤਾਨ ਗਿਆ ਸੀ। ਨਾਰਾਇਣ 1984 ‘ਚ ਪਾਕਿਸਤਾਨ ਚਲਾ ਗਿਆ ਸੀ। ਉਸ ਨੇ ਖਾੜਕੂਵਾਦ ਦੇ ਸ਼ੁਰੂਆਤੀ ਦੌਰ ‘ਚ ਪੰਜਾਬ ‘ਚ ਹਥਿਆਰਾਂ ਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ‘ਚ ਅਹਿਮ ਭੂਮਿਕਾ ਨਿਭਾਈ ਸੀ।