US Tariffs: ਟਰੰਪ ਨੇ ਭਾਰਤ ’ਤੇ ਲਾਇਆ 27 ਫੀਸਦ ਜਵਾਬੀ ਟੈਕਸ

ਅਮਰੀਕਾ ਨੇ ਭਾਰਤ ’ਤੇ 27 ਫੀਸਦ ਜਵਾਬੀ (Reciprocal) ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਮਰੀਕੀ ਵਸਤਾਂ ’ਤੇ ਭਾਰਤ ਉੱਚ ਦਰਾਮਦ ਟੈਕਸ ਵਸੂਲਦਾ ਹੈ, ਅਜਿਹੇ ਮੌਕੇ ਦੇਸ਼ ਦੇ ਵਪਾਰ ਘਾਟੇ ਨੂੰ ਘੱਟ ਕਰਨ ਤੇ ਉਤਪਾਦਨ (ਮੈਨੂਫੈਕਚਰਿੰਗ) ਨੂੰ ਹੱਲਾਸ਼ੇਰੀ ਦੇਣ ਲਈ ਇਹ ਪੇਸ਼ਕਦਮੀ ਜ਼ਰੂਰੀ ਸੀ। ਉਂਝ ਇਸ ਪੇਸ਼ਕਦਮੀ ਨਾਲ ਅਮਰੀਕਾ ਨੇ ਭਾਰਤ ਦੀ ਬਰਾਮਦ ਉੱਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਰਵਾਇਤੀ ਵਿਰੋਧੀਆਂ ਦੇ ਮੁਕਾਬਲੇ ਬਿਹਤਰ ਸਥਿਤੀ ਵਿਚ ਹੈ, ਜਿਨ੍ਹਾਂ ਨੂੰ ਉਸ ਤੋਂ ਵੱਧ ਟੈਕਸ ਦਾ ਸਾਹਮਣਾ ਕਰਨਾ ਪਏਗਾ।

ਰਾਸ਼ਟਰਪਤੀ ਟਰੰਪ ਨੇ ਆਲਮੀ ਪੱਧਰ ’ਤੇ ਅਮਰੀਕੀ ਉਤਪਾਦਾਂ ’ਤੇ ਲਗਾਏ ਗਏ ਉੱਚ ਟੈਕਸਾਂ ਦੇ ਟਾਕਰੇ ਲਈ ਇਤਿਹਾਸਕ ਪੇਸ਼ਕਦਮੀ ਤਹਿਤ ਭਾਰਤ ਸਣੇ ਕਰੀਬ 60 ਮੁਲਕਾਂ ’ਤੇ ਪਰਸਪਰ (ਜਵਾਬੀ) ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਵੱਖ ਵੱਖ ਮੁਲਕਾਂ ਨੂੰ ਟੈਕਸ ਲਗਾਉਣ ਦਾ ਐਲਾਨ ਕਰਦਿਆਂ ਕਿਹਾ, ‘‘ਇਹ ਮੁਕਤੀ ਦਿਹਾੜਾ ਹੈ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਦੋ ਅਪਰੈਲ 2025 ਨੂੰ ਹਮੇਸ਼ਾ ਲਈ ਉਸ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਿਸ ਦਿਨ ਅਮਰੀਕੀ ਉਦਯੋਗ ਦਾ ਪੁਨਰ ਜਨਮ ਹੋਇਆ, ਜਿਸ ਦਿਨ ਅਮਰੀਕਾ ਦੇ ਭਾਗ ਮੁੜ ਖੁੱਲ੍ਹੇ, ਜਿਸ ਦਿਨ ਅਸੀਂ ਅਮਰੀਕਾ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ। ਅਸੀਂ ਅਮਰੀਕਾ ਨੂੰ ਖ਼ੁਸ਼ਹਾਲ, ਚੰਗਾ ਤੇ ਸਮਰਿੱਧ ਬਣਾਉਣ ਜਾ ਰਹੇ ਹਾਂ।’’

ਟਰੰਪ ਨੇ ਟੈਕਸਾਂ ਦਾ ਐਲਾਨ ਕਰਦਿਆਂ ਇਕ ਚਾਰਟ ਵੀ ਦਿਖਾਇਆ ਜਿਸ ਵਿਚ ਭਾਰਤ, ਚੀਨ, ਬ੍ਰਿਟੇਨ ਤੇ ਯੂਰਪੀ ਸੰਘ ਜਿਹੇ ਮੁਲਕਾਂ ਵੱਲੋਂ ਲਗਾਏ ਗਏ ਟੈਕਸ ਨਾਲ ਜਵਾਬੀ ਟੈਕਸ ਵੀ ਦਰਸਾਇਆ ਗਿਆ ਸੀ। ਚਾਰਟ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ ਨੇ ‘ਮੁਦਰਾ ਨਾਲ ਛੇੜਛਾੜ ਤੇ ਵਪਾਰਕ ਅੜਿੱਕਿਆਂ ਸਮੇਤ’ 52 ਫੀਸਦ ਦਾ ਟੈਕਸ ਲਾਇਆ ਹੈ। ਅਮਰੀਕਾ ਵੀ ਹੁਣ ਭਾਰਤ ਤੋਂ ‘ਰਿਆਇਤੀ ਜਵਾਬੀ ਟੈਕਸ’ ਵਸੂਲੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਭਾਰਤ ਬਹੁਤ ਬਹੁਤ ਸਖ਼ਤ ਹੈ। ਬੇਹੱਦ ਸਖ਼ਤ ਹੈ। ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਹੁਣੇ ਹੁਣੇ ਇਥੋਂ ਗਏ ਹਨ। ਉਹ ਮੇਰੇ ਚੰਗੇ ਦੋਸਤ ਹਨ, ਪਰ ਮੈਂ ਉਨ੍ਹਾਂ ਨੂੰ ਕਿਹਾ, ‘‘ਤੁਸੀਂ ਮੇਰੇ ਚੰਗੇ ਦੋਸਤ ਹੋ, ਪਰ ਤੁਸੀਂ ਸਾਡੇ ਨਾਲ ਚੰਗਾ ਵਿਵਹਾਰ ਨਹੀਂ ਕਰ ਰਹੇ ਹੋ। ਉਹ ਸਾਡੇ ਤੋਂ 52 ਫੀਸਦ ਟੈਕਸ ਲੈਂਦੇ ਹਨ। ਤੁਹਾਨੂੰ ਇਹ ਗੱਲ ਸਮਝਣੀ ਹੋਵੇਗੀ ਕਿ ਅਸੀਂ ਕਈ ਸਾਲਾਂ ਤੇ ਦਹਾਕਿਆਂ ਤੱਕ ਟੈਕਸ ਦੇ ਨਾਮ ’ਤੇ ਕੁਝ ਨਹੀਂ ਲਿਆ ਤੇ ਇਹ ਸਿਰਫ਼ ਸੱਤ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਮੈਂ ਸੱਤਾ ਵਿਚ ਆਇਆ ਤੇ ਅਸੀਂ ਉਦੋਂ ਚੀਨ ਤੋਂ ਇਸ ਦੀ ਸ਼ੁਰੂਆਤ ਕੀਤੀ।’’

ਜਵਾਬੀ ਟੈਕਸ ਦੇ ਅਸਰ ਦੀ ਸਮੀਖਿਆ ਕਰ ਰਹੀ ਹੈ ਸਰਕਾਰ: ਅਧਿਕਾਰੀ

ਭਾਰਤ ਦਾ ਵਣਜ ਮੰਤਰਾਲਾ ਅਮਰੀਕਾ ਵੱਲੋਂ ਭਾਰਤ ਤੋਂ ਦਰਾਮਦ ਵਸਤਾਂ ’ਤੇ ਲਗਾਏ ਗਏ 27 ਫੀਸਦ ਜਵਾਬੀ ਟੈਕਸ ਦੇ ਅਸਰ ਦੀ ਸਮੀਖਿਆ ਕਰ ਰਿਹਾ ਹੈ। ਇਕ ਅਧਿਕਾਰੀ ਮੁਤਾਬਕ 5 ਅਪਰੈਲ ਤੋਂ ਅਮਰੀਕਾ ਵਿਚ ਸਾਰੀਆਂ ਦਰਾਮਦਾਂ ’ਤੇ ਇਕਸਾਰ 10 ਫੀਸਦ ਜਵਾਬੀ ਟੈਕਸ ਲਾਗੂ ਹੋ ਜਾਵੇਗਾ ਤੇ 10 ਅਪਰੈਲ ਤੋਂ 27 ਫੀਸਦ ਟੈਕਸ ਲਾਗੂ ਹੋਵੇਗਾ। ਅਧਿਕਾਰੀ ਨੇ ਕਿਹਾ, ‘‘ਮੰਤਰਾਲਾ ਐਲਾਨੇ ਟੈਕਸ ਦੇ ਅਸਰ ਦੀ ਸਮੀਖਿਆ ਕਰ ਰਿਹਾ ਹੈ।’’

ਮਹਿੰਗਾਈ ਤੇ ਵਪਾਰਕ ਜੰਗ ਦਾ ਖ਼ਤਰਾ ਵਧਿਆ

ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਵੇਂ ਟੈਕਸਾਂ ਦੇ ਐਲਾਨ ਨਾਲ ਮਹਿੰਗਾਈ ਤੇ ਵਪਾਰਕ ਜੰਗ ਦਾ ਖ਼ਦਸ਼ਾ ਵਧ ਗਿਆ ਹੈ। ਨਵੇਂ ਟੈਕਸਾਂ ਨਾਲ ਚੀਨ ਤੋਂ ਦਰਾਮਦ ਵਸਤਾਂ ’ਤੇ 34 ਫੀਸਦ ਤੇ ਯੂਰੋਪੀ ਸੰਘ ਤੇ ਹੋਰਨਾਂ ਉੈੱਤੇ 20 ਫੀਸਦ ਟੈਕਸ ਲਗਾਇਆ ਗਿਆ ਹੈ, ਜਿਸ ਨਾਲ ਆਲਮੀ ਅਰਥਚਾਰੇ ਦੀ ਬਣਤਰ ਨੂੰ ਵੱਡੀ ਸੱਟ ਵਜਣ ਤੇ ਵਪਾਰਕ ਜੰਗ ਛਿੜਨ ਦਾ ਖ਼ਤਰਾ ਹੈ।

Leave a Reply

Your email address will not be published. Required fields are marked *