ਹਰਿਆਣਾ, 28 ਸਤੰਬਰ (ਦਲਜੀਤ ਸਿੰਘ)- ਹਰਿਆਣਾ ਦੀ ਏਲਨਾਬਾਦ ਵਿਧਾਨ ਸਭਾ ਸੀਟ ’ਤੇ 30 ਅਕਤੂਬਰ ਨੂੰ ਜ਼ਿਮਨੀ ਚੋਣ ਹੋਵੇਗੀ। ਚੋਣ ਕਮਿਸ਼ਨ ਨੇ ਮੰਗਲਵਾਰ ਯਾਨੀ ਕਿ ਅੱਜ ਵੱਖ-ਵੱਖ ਸੂਬਿਆਂ ਵਿਚ ਜ਼ਿਮਨੀ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਪ੍ਰਧਾਨ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਏਲਨਾਬਾਦ ਵਿਧਾਨ ਸਭਾ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਇਹ ਸੀਟ ਖਾਲੀ ਹੈ।
ਨਿਯਮਾਂ ਮੁਤਾਬਕ 6 ਮਹੀਨੇ ਦੇ ਅੰਦਰ ਜ਼ਿਮਨੀ ਚੋਣਾਂ ਕਰਾਉਣਾ ਜ਼ਰੂਰੀ ਹੈ ਪਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜ਼ਿਮਨੀ ਚੋਣਾਂ ਵਿਚ ਅੜਿੱਕਾ ਪਾਇਆ ਹੋਇਆ ਸੀ। ਇਨੈਲੋ ਦੇ ਵਿਧਾਇਕ ਅਭੈ ਚੌਟਾਲਾ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਜਨਵਰੀ ਮਹੀਨੇ ’ਚ ਅਸਤੀਫ਼ਾ ਦੇ ਦਿੱਤਾ ਸੀ। ਜ਼ਿਮਨੀ ਚੋਣ ਖਾਲੀ ਹੋਈ ਸੀਟ ਲਈ ਹੋਵੇਗੀ।
ਚੋਣ ਕਮਿਸ਼ਨ ਨੇ ਲਿਆ ਇਹ ਫ਼ੈਸਲਾ—
ਚੋਣ ਕਮਿਸ਼ਨ ਨੇ ਫ਼ੈਸਲਾ ਲਿਆ ਹੈ ਕਿ3 ਲੋਕ ਸਭਾ ਸੀਟਾਂ ਅਤੇ ਵੱਖ-ਵੱਖ ਸੂਬਿਆਂ ’ਚ 30 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ 30 ਅਕਤੂਬਰ ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ 2 ਨਵੰਬਰ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਕੋਰੋਨਾ ਮਹਾਮਾਰੀ, ਹੜ੍ਹ, ਤਿਉਹਾਰਾਂ, ਕੁਝ ਖੇਤਰਾਂ ਵਿਚ ਠੰਡ ਦੀ ਸਥਿਤੀ, ਸਬੰਧਤ ਸੂਬਿਆਂ-ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮਿਲੀ ਪ੍ਰਤੀਕਿਿਰਆ ਦੀ ਸਮੀਖਿਆ ਕੀਤੀ। ਸਾਰੇ ਤੱਥਾਂ ਅਤੇ ਹਾਲਾਤਾਂ ’ਤੇ ਗੌਰ ਕਰਨ ਮਗਰੋਂ ਚੋਣਾਂ ਕਰਾਉਣ ਦਾ ਫ਼ੈਸਲਾ ਲਿਆ ਗਿਆ। ਕੇਂਦਰ ਸ਼ਾਸਿਤ ਪ੍ਰਦੇਸ਼- ਦਾਦਰਾ ਅਤੇ ਨਗਰ ਹਵੇਲੀ, ਦਮਨ ਤੇ ਦੀਵ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀਆਂ 3 ਲੋਕ ਸਭਾ ਸੀਟਾਂ ਅਤੇ ਵੱਖ-ਵੱਖ ਸੂਬਿਆਂ ਦੀਆਂ 30 ਵਿਧਾਨ ਸਭਾ ਖੇਤਰਾਂ ’ਚ ਜ਼ਿਮਨੀ ਚੋਣਾਂ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ।