ਥਾਈਲੈਂਡ ’ਚ ਭੁਚਾਲ ਕਾਰਨ ਇੱਥੇ ਵੱਸਦੇ ਤੇ ਸੈਰ-ਸਪਾਟੇ ਲਈ ਆਏ ਕਈ ਪੰਜਾਬੀ ਫਸ ਗਏ ਹਨ। ਇਨ੍ਹਾਂ ’ਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਰੋਪੜ, ਨੂਰਪੁਰ ਬੇਦੀ ਆਦਿ ਸ਼ਹਿਰਾਂ ਦੇ ਲੋਕ ਸ਼ਾਮਿਲ ਹਨ। ਇਸ ਕੁਦਰਤੀ ਆਫ਼ਤ ਮਗਰੋਂ ਪੰਜਾਬ ਰਹਿੰਦੇ ਇਨ੍ਹਾਂ ਦੇ ਪਰਿਵਾਰਾਂ ’ਚ ਚਿੰਤਾ ਦੀ ਲਹਿਰ ਫੈਲ ਗਈ ਹੈ। ਲੁਧਿਆਣਾ ਤੋਂ ਆਏ ਮਨੋਜ ਕੁਮਾਰ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਥਾਈਲੈਂਡ ਟੂਰ ’ਤੇ ਆਏ ਸੀ। ਉਹ ਇਸ ਵੇਲੇ ਪਟਾਇਆ ’ਚ ਹਨ 29 ਸ਼ਨਿਚਰਵਾਰ ਨੂੰ ਉਨ੍ਹਾਂ ਬੈਂਕਾਕ ਜਾਣਾ ਸੀ ਪਰ ਆਫ਼ਤ ਕਾਰਨ ਉਨ੍ਹਾਂ ਦਾ ਬਿਜ਼ਨਸ ਟੂਰ ਪ੍ਰਭਾਵਿਤ ਹੋਇਆ ਹੈ। ਇਸੇ ਤਰ੍ਹਾਂ ਰੋਪੜ ਦੇ ਨੂਰਪੁਰ ਬੇਦੀ ਤੋਂ ਆਏ ਸੁਨੀਲ ਕੁਮਾਰ ਕਾਲੜਾ ਵੀ ਪਟਾਇਆ ’ਚ ਫਸੇ ਹੋਏ ਹਨ। ਉਨ੍ਹਾਂ ਵੀ ਬਿਜ਼ਨਸ ਦੇ ਸਿਲਸਿਲੇ ’ਚ ਬੈਂਕਾਕ ਜਾਣਾ ਸੀ, ਹੁਣ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਜਾਵੇਗਾ।
ਭਾਰਤੀ ਅੰਬੈਸੀ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ ਐਮਰਜੈਂਸੀ ਨੰਬਰ
ਓਧਰ ਬੈਂਕਾਕ ’ਚ ਭੁਚਾਲ ਮਗਰੋਂ ਥਾਈਲੈਂਡ ’ਚ ਭਾਰਤੀ ਅੰਬੈਸੀ ਨੇ ਭਾਰਤੀ ਨਾਗਰਿਕਾਂ ਲਈ ਐਮਰਜੈਂਸੀ ਨੰਬਰ +66618819218 ਜਾਰੀ ਕੀਤਾ ਹੈ, ਜਿਸ ’ਤੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਪਟਾਇਆ ’ਚ ਰਹਿੰਦੇ ਪੰਜਾਬੀ ਮੂਲ ਦੇ ਵਿੱਕੀ ਸਿੰਘ, ਜੋ ਟਰਾਂਸਪੋਰਟ ਦਾ ਕੰਮ ਕਰਦੇ ਹਨ, ਨੇ ਦੱਸਿਆ ਕਿ ਵਿੱਕੀ ਸਿੰਘ ਨੇ ਦੱਸਿਆ ਕਿ ਜਦੋਂ ਭੂਚਾਲ ਆਇਆ ਤਾਂ ਉਹ ਬੈਂਕਾਕ ’ਚ ਸਨ, ਉੱਥੋਂ ਉਹ ਵਾਪਸ ਪਟਾਇਆ ਲਈ ਰਵਾਨਾ ਹੋਏ ਸਨ। ਭੂਚਾਲ ਕਾਰਨ ਰਸਤੇ ’ਚ ਕਈ ਇਮਾਰਤਾਂ ਡਿੱਗੀਆਂ ਦੇਖੀਆਂ, ਸੜਕਾਂ ਟੁੱਟ ਗਈਆਂ ਹਨ, ਜਿਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।